ਅਮਰੀਕਾ : ਛੋਟਾ ਜਹਾਜ਼ ਘਰ ’ਤੇ ਡਿੱਗਣ ਨਾਲ ਗਈ 4 ਲੋਕਾਂ ਦੀ ਜਾਨ

Friday, May 07, 2021 - 07:51 PM (IST)

ਅਮਰੀਕਾ : ਛੋਟਾ ਜਹਾਜ਼ ਘਰ ’ਤੇ ਡਿੱਗਣ ਨਾਲ ਗਈ 4 ਲੋਕਾਂ ਦੀ ਜਾਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਮਿਸੀਸਿਪੀ ’ਚ ਇੱਕ ਛੋਟਾ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਇੱਕ ਘਰ ਉੱਤੇ ਡਿੱਗ ਗਿਆ, ਜਿਸ ਨਾਲ ਘਰ ਦੇ 4 ਲੋਕਾਂ ’ਚੋਂ 1 ਅਤੇ ਜਹਾਜ਼ ’ਚ ਸਵਾਰ ਟੈਕਸਾਸ ਦੇ ਤਿੰਨ ਨਿਵਾਸੀਆਂ ਦੀ ਮੌਤ ਹੋ ਗਈ, ਜੋ ਇੱਕ ਯੂਨੀਵਰਸਿਟੀ ਗ੍ਰੈਜੂਏਸ਼ਨ ਸਮਾਰੋਹ ਲਈ ਜਾ ਰਹੇ ਸਨ। ਇਸ ਹਾਦਸੇ ’ਚ ਮਰਨ ਵਾਲਾ 55 ਸਾਲਾ ਗੈਰੀ ਸਟੈਂਡਲੀ ਉਸ ਘਰ ਦਾ ਵਸਨੀਕ ਸੀ, ਜਿਥੇ ਹੈਟਿਸਬਰਗ, ਮਿਸੀਸਿਪੀ ’ਚ ਜਹਾਜ਼ ਹਾਦਸਾਗ੍ਰਸਤ ਹੋਇਆ।

ਇਸ ਤੋਂ ਇਲਾਵਾ 67 ਸਾਲਾ ਲੂਈਸ ਪ੍ਰੋਵੈਂਜ਼ਾ, 23 ਸਾਲਾ ਅੰਨਾ ਕੈਲਹੋਨ ਅਤੇ 2 ਸਾਲਾ ਹਾਰਪਰ ਪ੍ਰੋਵੈਂਜ਼ਾ ਵੀ ਇਸ ਹਾਦਸੇ ’ਚ ਮਾਰੇ ਗਏ। ਹੈਟਿਸਬਰਗ ਜੈਕਸਨ, ਮਿਸੀਸਿਪੀ ਤੋਂ 90 ਮੀਲ ਦੱਖਣ-ਪੂਰਬ ਵੱਲ ਸਥਿਤ ਹੈ। ਯੂਨੀਵਰਸਿਟੀ ਆਫ ਸਾਊਦਰਨ ਮਿਸੀਸਿਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ’ਚ ਸਵਾਰ ਤਿੰਨ ਵਿਅਕਤੀ ਇੱਕ ਸਮਾਰੋਹ ’ਚ ਸ਼ਾਮਿਲ ਹੋਣ ਲਈ ਹੈਟਿਸਬਰਗ ਆ ਰਹੇ ਸਨ।

ਲੋਕ ਸੰਪਰਕ ਨਿਰਦੇਸ਼ਕ ਜੂਲੀ ਗੈਨੌਰ ਨੇ ਦੱਸਿਆ ਕਿ ਕੈਲਹੋਨ ਮਿਡਵੈਸਟਰਨ ਸਟੇਟ ਯੂਨੀਵਰਸਿਟੀ ਵਿਚਿਟਾ ਫਾਲਜ਼ ’ਚ ਜੀਵ ਵਿਗਿਆਨ ਦਾ ਅਧਿਐਨ ਕਰਨ ਵਾਲਾ ਇੱਕ ਜੂਨੀਅਰ ਸੀ। ਹੈਟਿਸਬਰਗ ਦੇ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਇੱਕ ਮਿਤਸੁਬਿਸ਼ੀ ਐੱਮ-2 ਬੀ 60 ਜਹਾਜ਼ ਮੰਗਲਵਾਰ ਦੇਰ ਰਾਤ ਇੱਕ ਘਰ ਉੱਤੇ ਹਾਦਸਾਗ੍ਰਸਤ ਹੋ ਗਿਆ। ਜਿਸ ਉਪਰੰਤ 11:20 ਵਜੇ ਦੇ ਕਰੀਬ ਘਟਨਾ ਸਥਾਨ ’ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੂੰ ਜਹਾਜ਼ ਕਰੈਸ਼ ਹੋਣ ਦੇ ਕਾਰਨਾਂ ਦੀ ਜਾਂਚ ਲਈ ਬੁਲਾਇਆ ਗਿਆ ਸੀ ਅਤੇ ਇਸ ਦੀ ਜਾਂਚ ਲਈ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨਾਲ ਸੰਪਰਕ ਕੀਤਾ ਗਿਆ ਹੈ।


author

Manoj

Content Editor

Related News