ਯੂਨਾਈਟਿਡ ਹੈਲਥ ਸੈਂਟਰ ਵੱਲੋਂ ਆਪਣੇ ਨਵੇਂ ਕਲੀਨਿਕ ਦਾ ਫਰਿਜਨੋ ਵਿਖੇ ਉਦਘਾਟਨ

07/28/2023 4:36:56 PM

ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) ਸੈਂਟਰਲ ਵੈਲੀ ਕੈਲੀਫੋਰਨੀਆ ਵਿਖੇ ਲੰਮੇ ਸਮੇਂ ਤੋਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਯੂਨਾਈਟਿਡ ਹੈਲਥ ਕੇਅਰ ਗਰੁੱਪ ਵੱਲੋਂ ਆਪਣਾ 30ਵਾਂ ਕਲੀਨਿਕ ਫਰਿਜਨੋ ਦੇ ਮਾਰਕਸ ਅਤੇ ਐਸ਼ਲੈਂਨ ਐਵਿਨਿਊ 'ਤੇ ਖੋਲ੍ਹ ਦਿੱਤਾ ਗਿਆ। ਲੰਘੇ ਵੀਰਵਾਰ ਇਸ ਕਲੀਨਿਕ ਦੀ ਗਰੈਂਡ ਓਪਨਿੰਗ ਕੀਤੀ ਗਈ। ਜਿੱਥੇ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਜਸਟਿੰਨ ਪਰੀਅਸ ਨੇ ਰਿਬਨ ਕੱਟਕੇ ਇਸਦਾ ਉਦਘਾਟਨ ਕੀਤਾ। ਉਹਨਾਂ ਬੋਲਦਿਆਂ ਕਿਹਾ ਕਿ ਜਿੱਥੇ ਸੈਂਟਰਲ ਵੈਲੀ ਦਾ ਇਹ ਸਾਡਾ 30ਵਾਂ ਕਲੀਨਿਕ ਹੈ, ਉੱਥੇ ਫਰਿਜਨੋ ਸਿਟੀ ਦਾ ਇਹ ਸਾਡਾ ਅੱਠਵਾਂ ਕਲੀਨਿਕ ਬਣ ਚੁੱਕਾ ਹੈ। ਉਹਨਾਂ ਸਮੂਹ ਸਟਾਫ ਦਾ ਸਪੋਰਟ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਜੀ ਜਾਨ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇਵਾਂਗੇ। 

PunjabKesari

ਗਰੁੱਪ ਦੇ ਚੀਫ ਐਡਮਨਿਸਟਰੇਟਵ ਆਫਿਸਰ ਮਗੇਲ ਰੁਡਰੀਗਸ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਕੇ ਖੋਲ੍ਹਿਆ ਗਿਆ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਸਟਾਫ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ। ਪੰਜਾਬੀ ਕਮਿਉਨਟੀ ਨੂੰ ਮੁੱਖ ਰੱਖਕੇ ਡਾ. ਸਿਮਰਜੀਤ ਸਿੰਘ ਧਾਲੀਵਾਲ ਇਸ ਕਲੀਨਿਕ 'ਤੇ ਹਮੇਸ਼ਾ ਆਪਣੇ ਸਟਾਫ ਸਮੇਤ ਹਾਜ਼ਰ ਰਹਿਣਗੇ। ਡਾਕਟਰ ਸਿਮਰਜੀਤ ਧਾਲੀਵਾਲ ਨੇ ਕਿਹਾ ਕਿ ਚਾਹੇ ਕਿਸੇ ਕੋਲ ਇੰਸ਼ੋਰੈਂਸ ਹੈ ਜਾਂ ਨਹੀਂ ਸਾਡੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਹਨ। ਅਤੇ ਅਸੀਂ ਇਸ ਕਲੀਨਿਕ ਤੋਂ ਹਰ ਪ੍ਰਕਾਰ ਦੀਆਂ ਸੇਵਾਵਾਂ ਦੇਵਾਂਗੇ। ਜਿੱਥੇ ਫੈਮਿਲੀ ਮੈਡੀਸਨ, ਕੈਰੋਪਰਿਕਟਰ, ਮਨੋਵਿਗਿਆਨਕ ਰੋਗ, ਦੰਦਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਤਸੱਲੀਬਖਸ਼ ਤਰੀਕੇ ਨਾਲ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ 'ਚ ਭਾਰਤੀ ਮੂਲ ਦੇ ਦੋ ਮੰਤਰੀਆਂ ਨੇ PM ਦੇ ਭਰਾ ਖ਼ਿਲਾਫ਼ ਅਦਾਲਤ ਜਾਣ ਦੀ ਦਿੱਤੀ ਧਮਕੀ

ਇੱਥੇ ਜਲਦ ਅਰਜੈਂਟ ਕੇਅਰ ਦੀਆਂ ਸੇਵਾਵਾਂ ਵੀ ਸ਼ੁਰੂ ਹੋਣਗੀਆਂ। ਇਸ ਮੌਕੇ ਫਰਿਜਨੋ ਏਰੀਏ ਦੇ ਕਾਂਗਰਸਮੈਨ ਜਿੰਮ ਕੌਸਟਾ ਦੇ ਦਫ਼ਤਰ ਤੋਂ ਨੁਮਾਇੰਦੇ ਅਤੇ ਮੇਅਰ ਜੈਰੀ ਡਾਇਰ ਦੇ ਦਫ਼ਤਰ ਤੋਂ ਪਤਵੰਤੇ ਪਹੁੰਚੇ ਹੋਏ ਸਨ। ਸੈਨੇਟਰ ਡਾਇਨ ਫਾਈਨਸਟਾਈਨ ਦੇ ਦਫ਼ਤਰ ਤੋਂ ਵਫ਼ਦ ਆਇਆ ਹੋਇਆ ਸੀ। ਫਰਿਜਨੋ ਦੇ ਡਿਸਟਰਕ ਵੰਨ ਦੀ ਕੌਂਸਲ ਮੈਂਬਰ ਐਨਾਲੀਸਾ ਪਰੀਅਸ ਨੇ ਯੂਨਾਈਟਿਡ ਹੈਲਥ ਸੈਂਟਰ ਦੇ ਸਮੂਹ ਸਟਾਫ ਨੂੰ ਨਵੇਂ ਕਲੀਨਿਕ ਲਈ ਵਧਾਈਆਂ ਦਿੱਤੀਆਂ  ਇਸ ਮੌਕੇ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਜਸਟਿੰਨ ਪਰੀਅਸ ਨੂੰ ਸਾਰੇ ਰਾਜਨੀਤਕ ਦਫ਼ਤਰਾਂ ਦੇ ਨੁਮਾਇੰਦਿਆਂ ਵੱਲੋਂ ਸਰਟੀਫਕੇਟ ਦੇਕੇ ਸਨਮਾਨਿਤ ਕੀਤਾ ਗਿਆ। ਪੂਰੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਟੀਵੀ ਹੋਸਟ ਇਮਲੀ ਅਰਵਿੰਨ ਨੇ ਬਾਖੂਬੀ ਕੀਤਾ। ਅਖੀਰ ਵਿੱਚ ਨਿਊਜ਼ੀਲੈਂਡ ਅਤੇ ਹਵਾਈਅਨ ਡਾਂਸ ਨੇ ਸਭ ਨੂੰ ਝੂਮਣ ਲਾ ਦਿੱਤਾ। ਅਖੀਰ ਦੁਪਿਹਰ ਦੇ ਖਾਣੇ ਨਾਲ ਅਮਿੱਟ ਪੈੜ੍ਹਾ ਛੱਡਦਾ ਇਹ ਗਰੈਂਡ ਓਪਨਿੰਗ ਸਮਾਗਮ ਯਾਦਗਾਰੀ ਹੋ ਨਿੱਬੜਿਆ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News