ਯੂ.ਏ.ਈ. ਨੇ ਫਸੇ ਭਾਰਤੀਆਂ ਨੂੰ ਵਾਪਸ ਭੇਜਣ ਲਈ ਰੱਖੀ ਇਹ ਸ਼ਰਤ

04/12/2020 5:30:53 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਕੋਰੋਨਾਵਾਇਰਸ ਸੰਕਟ ਨੂੰ ਲੈਕੇ ਆਪਣੇ ਇੱਥੇ ਫਸੇ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਸ਼ਰਤ ਸਿਰਫ ਇਹ ਹੈ ਕਿ ਉਹਨਾਂ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਆਏ। ਭਾਰਤ ਵਿਚ ਨਿਯੁਕਤ ਯੂ.ਏ.ਈ. ਦੇ ਰਾਜਦੂਤ ਰਹਿਮਾਨ ਅਲ ਬੰਨਾ ਨੇ ਸ਼ਨੀਵਾਰ ਨੂੰ ਫੋਨ 'ਤੇ ਗਲਫ ਨਿਊਜ਼ ਨੂੰ ਕਿਹਾ,''ਯੂ.ਏ.ਈ. ਦੇ ਵਿਦੇਸ਼ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰਾਲੇ ਨੇ ਦੇਸ਼ ਵਿਚ ਮੌਜੂਦ ਸਾਰੇ ਦੂਤਾਵਾਸਾਂ ਨੂੰ ਇਸ ਸਿਲਸਿਲੇ ਵਿਚ ਪਿਛਲੇ ਇਕ-ਦੋ ਹਫਤਿਆਂ ਵਿਚ ਚਿੱਠੀ ਭੇਜੀ ਹੈ, ਜਿਹਨਾਂ ਵਿਚ ਭਾਰਤੀ ਦੂਤਾਵਾਸ ਵੀ ਸ਼ਾਮਲ ਹੈ।'' 

ਰਾਜਦੂਤ ਦੇ ਹਵਾਲੇ ਨਾਲ ਅਖਬਾਰ ਨੇ ਕਿਹਾ,''ਅਸੀਂ ਇਹ ਚਿੱਠੀ ਭੇਜੀ ਹੈ ਅਤੇ ਯੂ.ਏ.ਈ. ਵਿਚ ਭਾਰਤੀ ਦੂਤਾਵਾਸ ਸਮੇਤ ਸਾਰੇ ਦੂਤਾਵਾਸਾਂ ਨੂੰ ਅਤੇ ਭਾਰਤ ਵਿਚ ਵਿਦੇਸ਼ ਮੰਤਰਾਲੇ ਤੱਕ ਨੂੰ ਸੂਚਿਤ ਕੀਤਾ ਗਿਆ ਹੈ।'' ਉਹਨਾਂ ਨੇ ਕਿਹਾ ਕਿ ਯੂ.ਏ.ਈ. ਨੇ ਇੱਥੋਂ ਦੇਸ਼ ਪਰਤਣ ਜਾਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਜਾਂਚ ਕਰਾਉਣ ਦਾ ਪ੍ਰਸਤਾਵ ਦਿੱਤਾ ਹੈ। ਉਹਨਾਂ ਨੇ ਕਿਹਾ,''ਅਸੀਂ ਹਰ ਕਿਸੇ ਨੂੰ ਭਰੋਸਾ ਦਿਵਾ ਰਹੇ ਹਾਂ ਕਿ ਸਾਡੇ ਕੋਲ ਸਭ ਤੋਂ ਵਧੀਆ ਸਹੂਲਤਾਂ ਹਨ, ਸਭ ਤੋਂ ਵਧੀਆ ਜਾਂਚ ਕੇਂਦਰ ਹਨ ਅਤੇ ਅਸੀਂ 5 ਲੱਖ ਤੋਂ ਵਧੇਰੇ ਲੋਕਾਂ ਦੀ ਜਾਂਚ ਕੀਤੀ ਹੈ।''

ਰਾਜਦੂਤ ਨੇ ਕਿਹਾ,''ਕੁਝ ਕਾਰਨਾਂ ਕਾਰਨ ਯੂ.ਏ.ਈ. ਵਿਚ ਫਸੇ ਲੋਕਾਂ ਨੂੰ ਵੀ ਜਹਾਜ਼ ਜ਼ਰੀਏ ਵਾਪਸ ਭੇਜਣ ਦਾ ਅਸੀਂ ਭਰੋਸਾ ਦਿਵਾਉਂਦੇ ਹਾਂ। ਕੁਝ ਲੋਕ ਲਾਕਡਾਊਨ ਕਾਰਨ ਅਤੇ ਭਾਰਤ ਵਿਚ ਹਵਾਈ ਅੱਡੇਬੰਦ ਹੋਣ ਕਾਰਨ ਫਸ ਗਏ। ਕੁਝ ਲੋਕ ਯੂ.ਏ.ਈ. ਦੀ ਯਾਤਰਾ 'ਤੇ ਆਏ ਸਨ।'' ਉਹਨਾਂ ਨੇ ਕਿਹਾ,''ਜਿਹੜੇ ਲੋਕਾਂ ਦੀ ਕੋਵਿਡ-19 ਜਾਂਚ ਰਿਪੋਰਟ ਪੌਜੀਟਿਵ ਆਵੇਗੀ ਉਹਨਾਂ ਨੂੰ ਯੂ.ਏ.ਈ. ਵਿਚ ਹੀ ਰਹਿਣਾ ਪਵੇਗਾ। ਉਹਨਾਂ ਦਾ ਸਾਡੇ ਇੱਥੇ ਇਲਾਜ ਕਰਵਾਇਆ ਜਾਵੇਗਾ।'' ਜ਼ਿਕਰਯੋਗ ਹੈ ਕਿ ਕੇਰਲ ਹਾਈ ਕੋਰਟ ਨੇ ਮਹਾਮਾਰੀ ਕਾਰਨ ਖਾੜੀ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਨਿਰਦੇਸ਼ ਜਾਰੀ ਕਰਨ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ 'ਤੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ। 


Vandana

Content Editor

Related News