UAE : ਪਤਨੀ ਨੂੰ ਬਚਾਉਣ ਲਈ ਅੱਗ ''ਚ ਕੁੱਦਿਆ ਭਾਰਤੀ ਨੌਜਵਾਨ, ਹਾਲਤ ਗੰਭੀਰ

02/12/2020 1:15:09 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਇਕ 32 ਸਾਲਾ ਭਾਰਤੀ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਸਲ ਵਿਚ ਇਹ ਨੌਜਵਾਨ ਉਮ ਅਲ ਕਵੈਨ ਦੇ ਅਪਾਰਟਮੈਂਟ ਵਿਚ ਅੱਗ ਲੱਗਣ ਮਗਰੋਂ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੁੱਧਵਾਰ ਨੂੰ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੀੜਤ ਦੇ ਇਕ ਕਰੀਬੀ ਰਿਸ਼ਤੇਦਾਰ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਅਨਿਲ ਨੀਨਾਨ 90 ਫੀਸਦੀ ਸੜ ਚੁੱਕਾ ਹੈ ਅਤੇ ਉਹ ਆਬੂ ਧਾਬੀ ਦੇ ਮਫਰਾਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।'' ਹਸਪਤਾਲ ਵਿਚ ਅਨਿਲ ਦੇ ਇਕ ਰਿਸ਼ਤੇਦਾਰ ਨੇ ਕਿਹਾ,''ਡਾਕਟਰਾਂ ਨੇ ਉਸ ਦੀ ਸਥਿਤੀ ਬਹੁਤ ਗੰਭੀਰ ਦੱਸੀ ਹੈ। ਅਸੀਂ ਸਾਰੇ ਲਈ ਉਸ ਲਈ ਪ੍ਰਾਰਥਨਾ ਕਰ ਰਹੇ ਹਾਂ।'' 

ਅਨਿਲ ਦੀ ਪਤਨੀ ਨੀਨੂੰ ਵੀ ਉਸੇ ਹਸਪਤਾਲ ਵਿਚ ਭਰਤੀ ਹੈ ਪਰ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਰਿਸ਼ਤੇਦਾਰ ਨੇ ਦੱਸਿਆ,''ਉਹ ਠੀਕ ਹੋ ਰਹੀ ਹੈ। ਉਹ ਸਿਰਫ 10 ਫੀਸਦੀ ਸੜੀ ਸੀ ਅਤੇ ਹੌਲੀ-ਹੌਲੀ ਠੀਕ ਹੋ ਰਹੀ ਹੈ।'' ਕੇਰਲ ਦੇ ਇਸ ਜੋੜੇ ਦਾ ਇਕ 4 ਸਾਲ ਦਾ ਬੇਟਾ ਹੈ। ਇਹ ਹਾਦਸਾ ਸੋਮਵਾਰ ਰਾਤ ਵਾਪਰਿਆ। ਇਹ ਸ਼ੱਕ ਹੈ ਕਿ ਅੱਗ ਉਮ ਅਲ ਕਵੈਨ ਵਿਚ ਉਹਨਾਂ ਦੇ ਅਪਾਰਟਮੈਂਟ ਦੇ ਕੋਰੀਡੋਰ ਵਿਚ ਲਗਾਏ ਗਏ ਬਿਜਲੀ ਦੇ ਬਕਸੇ ਵਿਚ ਸ਼ਾਟ ਸਰਕਿਟ ਦੇ ਕਾਰਨ ਲੱਗੀ ਸੀ। 

ਰਾਸ ਅਲ ਅਲ ਖਮਾਹ ਵਿਚ ਸੈਂਟ ਥਾਮਸ ਮਾਰ ਥੋਮਾ ਚਰਚ ਦੇ ਪਾਦਰੀ ਰੇਵ ਸੋਜਨ ਥਾਮਸ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਜੋੜੇ ਨੂੰ ਸੋਮਵਾਰ ਰਾਤ ਉਮ ਅਲ ਕਵੈਨ ਦੇ ਸ਼ੇਖ ਖਲੀਫਾ ਜਨਰਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਹਾਲਤ ਗੰਭੀਰ ਹੋਣ ਕਾਰਨ ਆਬੂ ਧਾਬੀ ਦੇ ਮਫਰਾਕ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ।ਪਾਦਰੀ ਜੋ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਜੋੜੇ ਨੂੰ ਜਾਣਦੇ ਹਨ, ਨੇ ਅੱਗੇ ਕਿਹਾ,''ਸਾਨੂੰ ਸਹੀ ਜਾਣਕਾਰੀ ਨਹੀਂ ਹੈ ਪਰ ਨੀਨੂੰ ਕੋਰੀਡੋਰ ਨੇੜੇ ਹੋਣ ਕਾਰਨ ਅੱਗ ਦੀ ਚਪੇਟ ਵਿਚ ਪਹਿਲਾਂ ਆਈ। ਅਨਿਲ ਜੋ ਬੈੱਡਰੂਮ ਵਿਚ ਸੀ ਉਸ ਦੀ ਜਾਨ ਬਚਾਉਣ ਲਈ ਭੱਜਿਆ। ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ।'' ਪਾਦਰੀ ਨੇ ਅੱਗੇ ਦੱਸਿਆ,''ਜੋੜਾ ਬਹੁਤ ਧਾਰਮਿਕ ਹੈ ਅਤੇ ਹਰ ਹਫਤੇ ਚਰਚ ਵਿਚ ਆਉਂਦਾ ਹੈ। ਅਸੀਂ ਸਾਰੇ ਅਨਿਲ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਾਂ।''


Vandana

Content Editor

Related News