ਰੂਸੀ ਹਮਲੇ ਅਤੇ ਸਾਇਰਨ ਦੀਆਂ ਆਵਾਜ਼ਾਂ 'ਚ ਜੋੜੇ ਨੇ ਰਚਾਇਆ ਵਿਆਹ, ਕਿਹਾ- ਪੁਤਿਨ ਨੇ ਤੋੜ ਦਿੱਤੇ ਸੁਪਨੇ (ਤਸਵੀਰਾਂ)
Friday, Feb 25, 2022 - 05:31 PM (IST)
ਕੀਵ (ਬਿਊਰੋ): ਯੂਕ੍ਰੇਨ ਦੇ ਇੱਕ ਜੋੜੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਨ੍ਹਾਂ ਦਾ ਵਿਆਹ ਸੁਰੀਲੇ ਸੰਗੀਤ ਦੀ ਬਜਾਏ ਹਵਾਈ ਹਮਲੇ ਦੇ ਸਾਇਰਨ ਦੇ ਵਿਚਕਾਰ ਹੋਵੇਗਾ। ਵੀਰਵਾਰ ਨੂੰ ਜਦੋਂ ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਤਾਂ ਪੂਰੇ ਦੇਸ਼ 'ਚ ਹਫੜਾ-ਦਫੜੀ ਫੈਲ ਗਈ। ਹਰ ਕੋਈ ਆਪਣੀ ਜਾਨ ਬਚਾਉਣ ਲਈ ਭੱਜਿਆ ਪਰ ਯਰੀਨਾ ਅਰੇਵਾ ਅਤੇ ਸਵੀਯਤੋਸਲਾਵ ਫੁਰਸਿਨ ਨੇ ਆਸਮਾਨ ਵਿੱਚ ਉੱਡਦੇ ਜਹਾਜ਼ਾਂ ਦੇ ਵਿਚਕਾਰ ਇੱਕ ਦੂਜੇ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ।
ਕੀਵ ਵਿੱਚ ਸੇਂਟ ਮਾਈਕਲਸ ਮੱਠ ਵਿੱਚ ਵਿਆਹ ਕਰਨ ਵਾਲੀ ਅਰੇਵਾ ਨੇ ਸੀਐਨਐਨ ਨੂੰ ਦੱਸਿਆ ਕਿ ਇਹ ਬਹੁਤ ਡਰਾਉਣਾ ਸੀ। ਏਅਰ ਅਟੈਕ ਸਾਇਰਨ ਦੇ ਵਿਚਕਾਰ ਵਿਆਹ ਤੋਂ ਬਾਅਦ ਅਰੀਵਾ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਪਲ ਹੁੰਦਾ ਹੈ ਪਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਸਾਇਰਨ ਦੀ ਆਵਾਜ਼ ਸੁਣਾਈ ਪੈਂਦੀ ਹੈ। ਜੋੜੇ ਨੇ ਆਪਣੇ ਵਿਆਹ ਲਈ 6 ਮਈ ਦੀ ਤਾਰੀਖ਼ ਤੈਅ ਕੀਤੀ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਇਸ ਨੂੰ ਨਦੀ ਦੇ ਕੰਢੇ ਇਕ ਰੈਸਟੋਰੈਂਟ ਦੀ ਛੱਤ 'ਤੇ ਮਨਾਉਣ ਬਾਰੇ ਸੋਚਿਆ ਸੀ।
ਪੁਤਿਨ ਨੇ ਤੋੜ ਦਿੱਤੇ ਖੂਬਸੂਰਤ ਸੁਪਨੇ
21 ਸਾਲਾ ਅਰੀਵਾ ਦਾ ਸੁਪਨਾ ਸੀ ਕਿ ਉਹ ਆਪਣੇ ਵਿਆਹ ਨੂੰ ਖੂਬਸੂਰਤ ਲਾਈਟਾਂ ਅਤੇ ਆਪਣੇ ਪਾਰਟਨਰ ਨਾਲ ਖਾਸ ਬਣਾਵੇ। ਪਰ ਵੀਰਵਾਰ ਨੂੰ ਜਦੋਂ ਪੁਤਿਨ ਨੇ ਰੂਸ 'ਤੇ ਫ਼ੌਜੀ ਕਾਰਵਾਈ ਦਾ ਹੁਕਮ ਦਿੱਤਾ ਤਾਂ ਉਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ, ਸਵੇਰ ਤੋਂ ਪਹਿਲਾਂ, ਰੂਸੀ ਫ਼ੌਜ ਨੇ ਪੂਰਬੀ ਯੂਕ੍ਰੇਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਜ਼ਾਈਲਾਂ ਦਾਗੀਆਂ। ਹੌਲੀ-ਹੌਲੀ ਇਸ ਹਮਲੇ ਦੀ ਅੱਗ ਪੂਰੇ ਦੇਸ਼ ਵਿੱਚ ਫੈਲ ਗਈ, ਜਿਸ ਦੀ ਲਪਟ ਅੱਜ ਦੂਜੇ ਦਿਨ ਵੀ ਰਾਜਧਾਨੀ ਕੀਵ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਨਸਕੀ ਦਾ ਬਿਆਨ, ਜਲਦੀ ਜਾਂ ਥੋੜ੍ਹੀ ਦੇਰ ਤੋਂ ਸਹੀ ਪਰ ਯੁੱਧ ਰੋਕਣ ਲਈ ਰੂਸ ਨਾਲ ਹੋਵੇਗੀ ਵਾਰਤਾ
ਜੋੜੇ ਨੇ ਕਹੀ ਇਹ ਗੱਲ
ਇਸ ਜੋੜੇ ਦੀ ਮੁਲਾਕਾਤ ਅਕਤੂਬਰ 2019 ਵਿੱਚ ਕੀਵ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਹੋਈ ਸੀ। ਤਣਾਅ ਦੇ ਮਾਹੌਲ ਵਿੱਚ ਉਨ੍ਹਾਂ ਨੇ ਵਿਆਹ ਦਾ ਫ਼ੈਸਲਾ ਲਿਆ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਹ ਲੋਕ ਇਕੱਠੇ ਹੋਣਗੇ ਵੀ ਜਾਂ ਨਹੀਂ। ਅਰਿਵਾ ਨੇ ਕਿਹਾ ਕਿ ਸਥਿਤੀ ਬਹੁਤ ਮੁਸ਼ਕਲ ਹੈ। ਅਸੀਂ ਆਪਣੀ ਜ਼ਮੀਨ ਲਈ ਲੜਾਂਗੇ। ਅਸੀਂ ਮਰ ਸਕਦੇ ਹਾਂ ਅਤੇ ਇਸੇ ਲਈ ਅਸੀਂ ਮਰਨ ਤੋਂ ਪਹਿਲਾਂ 'ਇਕ' ਹੋਣਾ ਚਾਹੁੰਦੇ ਸੀ। ਵਿਆਹ ਤੋਂ ਬਾਅਦ ਜੋੜਾ ਫ਼ੌਜ ਦੀ ਮਦਦ ਲਈ ਸਥਾਨਕ ਰੱਖਿਆ ਕੇਂਦਰ ਪਹੁੰਚ ਗਿਆ ਹੈ।