ਯੂ. ਕੇ. ''ਚ ਯਾਤਰਾ ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ 10 ਲੱਖ ਜੁਰਮਾਨਾ

Wednesday, Feb 10, 2021 - 04:49 PM (IST)

ਯੂ. ਕੇ. ''ਚ ਯਾਤਰਾ ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ 10 ਲੱਖ ਜੁਰਮਾਨਾ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਸਰਕਾਰ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਸਖ਼ਤ ਰੁਖ਼ ਅਖਤਿਆਰ ਕਰ ਰਹੀ ਹੈ। ਵਾਇਰਸ ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਰੂਪਾਂ ਦੇ ਵਾਧੇ ਨੂੰ ਰੋਕਣ ਲਈ ਯਾਤਰਾ ਸੰਬੰਧੀ ਪਾਬੰਦੀਆਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ। ਇਨ੍ਹਾਂ ਨਵੇਂ ਸਖ਼ਤ ਨਿਯਮਾਂ ਤਹਿਤ ਯੂ. ਕੇ. ਪਹੁੰਚਣ ਵਾਲੇ ਯਾਤਰੀਆਂ ਨੂੰ ਸਰਕਾਰੀ ਯਾਤਰਾ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਕਰਕੇ 10,000 ਪੌਂਡ (10 ਲੱਖ ਰੁਪਏ) ਤੱਕ ਦਾ ਜੁਰਮਾਨਾ ਜਾਂ 10 ਸਾਲ ਤੱਕ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਸਿਹਤ ਸਕੱਤਰ ਮੈਟ ਹੈਨਕਾਕ ਨੇ ਮੰਗਲਵਾਰ ਨੂੰ ਕੋਵਿਡ ਦੇ ਨਵੇਂ ਰੂਪਾਂ ਦੇ ਮਾਮਲੇ ਵਧਣ ਕਾਰਨ ਨਵੇਂ ਸਖ਼ਤ ਜੁਰਮਾਨੇ ਤੈਅ ਕੀਤੇ ਹਨ। ਇਹ ਉਪਾਅ ਇਸ ਹਫ਼ਤੇ ਇੰਗਲੈਂਡ ਵਿਚ ਲਾਗੂ ਹੋਣ ਲਈ ਤੈਅ ਕੀਤੇ ਗਏ ਹਨ, ਹਾਲਾਂਕਿ ਇਸ ਤਰ੍ਹਾਂ ਦੀਆਂ ਪ੍ਰਣਾਲੀਆਂ ਨੂੰ ਲਾਗੂ ਕਰਨ ਲਈ ਦੂਜੇ ਖੇਤਰਾਂ ਨਾਲ ਵਿਚਾਰ-ਵਟਾਂਦਰੇ ਜਾਰੀ ਹਨ। ਮੈਟ ਹਾਨਕਾਕ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ਨਵੇਂ ਨਿਯਮਾਂ ਤਹਿਤ ਵਾਇਰਸ ਸੰਬੰਧੀ ਰੈੱਡ ਲਿਸਟ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਜੇਕਰ ਸਰਕਾਰੀ ਮਨਜ਼ੂਰਸ਼ੁਦਾ ਹੋਟਲਾਂ ਵਿਚ ਇਕਾਂਤਵਾਸ ਹੋਣ 'ਚ ਅਸਫ਼ਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ 10,000 ਪੌਂਡ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ, ਜਿਹੜਾ ਵੀ ਵਿਅਕਤੀ ਯਾਤਰੀ ਲੋਕੇਟਰ ਫਾਰਮ 'ਤੇ ਝੂਠ ਬੋਲ ਕੇ ਲਾਲ ਸੂਚੀ ਵਾਲੇ ਦੇਸ਼ ਦੀ ਯਾਤਰਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। 

ਇਹ ਵੀ ਪੜ੍ਹੋ- 'ਕੈਨੇਡਾ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਮਿਲਣ ਮਗਰੋਂ ਸੂਬੇ ਮੁੜ ਤਾਲਾਬੰਦੀ ਲਈ ਰਹਿਣ ਤਿਆਰ'

ਇਸ ਦੇ ਇਲਾਵਾ ਦੇਸ਼ ਵਿਚ ਦਾਖ਼ਲ ਹੋਣ 'ਤੇ ਲਾਜ਼ਮੀ ਕੋਵਿਡ ਟੈਸਟ ਦੇਣ ਵਿਚ ਅਸਫ਼ਲ ਯਾਤਰੀਆਂ ਨੂੰ 1000 ਪੌਂਡ ਦਾ ਜੁਰਮਾਨਾ ਹੋਵੇਗਾ ਜੋ ਕਿ ਦੂਜੀ ਵਾਰ ਟੈਸਟ ਨਾ ਦੇਣ ਦੀ ਸੂਰਤ ਵਿਚ 2,000 ਪੌਂਡ ਤੱਕ ਹੋ ਜਾਵੇਗਾ। ਇਸ ਦੇ ਇਲਾਵਾ ਯੂ. ਕੇ. ਅਤੇ ਆਇਰਿਸ਼ ਨਿਵਾਸੀ ਜੋ ਪਿਛਲੇ 10 ਦਿਨਾਂ ਤੋਂ ਵਾਇਰਸ ਸੰਬੰਧੀ ਲਾਲ ਸੂਚੀ ਵਾਲੇ ਦੇਸ਼ਾਂ ਵਿਚ ਹਨ, ਨੂੰ 15 ਫਰਵਰੀ ਤੋਂ ਨਿਰਧਾਰਤ ਹੋਟਲ ਵਿਚ ਅਲੱਗ ਰਹਿਣਾ ਪਵੇਗਾ, ਜਿਸ ਲਈ ਉਨ੍ਹਾਂ ਨੂੰ ਇਕ ਪੈਕੇਜ ਦੇ ਰੂਪ ਵਿਚ 1,750 ਪੌਂਡ ਦਾ ਭੁਗਤਾਨ ਕਰਨਾ ਹੋਵੇਗਾ। ਇਸ ਵਿਚ ਇਕ ਹੋਟਲ ਵਿਚ ਠਹਿਰਨਾ, ਯਾਤਰਾ ਅਤੇ ਕੋਵਿਡ ਟੈਸਟਿੰਗ ਸ਼ਾਮਿਲ ਹੈ। ਇਸ ਦੇ ਨਾਲ ਹੀ ਯਾਤਰਾ ਕਰਨ ਤੋਂ ਪਹਿਲਾਂ, ਸਾਰੇ ਯਾਤਰੀਆਂ ਨੂੰ ਵੀਰਵਾਰ ਤੋਂ ਲਾਈਵ ਹੋ ਰਹੀ ਇੱਕ ਬੁਕਿੰਗ ਪ੍ਰਣਾਲੀ ਦੇ ਜ਼ਰੀਏ ਉਨ੍ਹਾਂ ਦੇ 'ਕੁਆਰੰਟੀਨ ਪੈਕੇਜ' ਨੂੰ ਆਨਲਾਈਨ ਬੁੱਕ ਅਤੇ ਭੁਗਤਾਨ ਕਰਨਾ ਲਾਜ਼ਮੀ ਹੈ।
 

►ਯੂ. ਕੇ. ਵਲੋਂ ਯਾਤਰਾ ਪਾਬੰਦੀ ਤੋੜਨ 'ਤੇ ਭਾਰੀ ਜੁਰਮਾਨੇ ਦੇ ਨਿਯਮ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News