ਯੂਕੇ ਪੁਲਸ ਨੇ ਅਪਰਾਧ ਰੋਕਣ ਲਈ 1 ਲੱਖ ਤੋਂ ਵੱਧ ਬਰਾਮਦ ਚਾਕੂਆਂ ਤੋਂ ਬਣਾਇਆ ‘ਦਿ ਨਾਈਫ਼ ਏਂਜਲ’
Wednesday, Jan 25, 2023 - 10:02 PM (IST)

ਸਲੋਹ (ਸਰਬਜੀਤ ਸਿੰਘ ਬਨੂੜ) : ਬਰਤਾਨੀਆ 'ਚ ਚਾਕੂ ਨਾਲ ਹੋ ਰਹੀਆਂ ਲਗਾਤਾਰ ਮੌਤਾਂ ਕਾਰਨ ਚਾਕੂ ਪੀੜਤ ਪਰਿਵਾਰਾਂ ਨੇ ਚੜ੍ਹਦੀ ਉਮਰ ਦੇ ਨੌਜਵਾਨਾਂ ਨੂੰ ਚਾਕੂ ਦੇ ਜੁਰਮ ਤੋਂ ਜਾਗਰੂਕ ਕਰਨ ਲਈ ਪੁਲਸ ਦੇ ਸਹਿਯੋਗ ਨਾਲ ਯੂਕੇ ਦੀਆਂ ਸੜਕਾਂ ਤੋਂ ਬਰਾਮਦ ਕੀਤੇ ਗਏ 1,00,000 ਤੋਂ ਵੱਧ ਚਾਕੂਆਂ ਤੋਂ ‘ਦਿ ਨਾਈਫ਼ ਏਂਜਲ’ (ਚਾਕੂ ਦਾ ਦੂਤ) ਮੂਰਤੀ ਨੂੰ ਬਣਾਇਆ, ਜੋ 27 ਫੁੱਟ ਤੋਂ ਵੱਧ ਲੰਬੀ ਹੈ। ਇਸ ਚਾਕੂ ਦੇ ਦੂਤ ਨੂੰ ਪੁਲਸ ਨੇ 4 ਸਾਲ ਵਿੱਚ ਬਣਾਇਆ ਹੈ। ਯੂਕੇ ਵਿੱਚ ਸ਼ਾਂਤੀ ਤੇ ਚਾਕੂ ਦੇ ਦੂਤ ਦੀ ਮੂਰਤੀ ਨੂੰ ਸਾਰੀਆਂ 43 ਪੁਲਸ ਕਾਂਸਟੇਬਲਰੀਆਂ ਨੂੰ ਸ਼ਾਮਲ ਕਰਕੇ ਬਣਾਇਆ ਗਿਆ ਹੈ ਤੇ ਇਸ ਦੀ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ ਤਾਂ ਜੋ ਚਾਕੂ ਅਪਰਾਧ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਸਬ-ਇੰਸਪੈਕਟਰ ਸਮੇਤ 4 ਪੁਲਸ ਮੁਲਾਜ਼ਮਾਂ ਨੂੰ 'ਮੁੱਖ ਮੰਤਰੀ ਰਕਸ਼ਕ' ਪਦਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
ਸਥਾਨਕ ਸ਼ਹਿਰ ਸਲੋਹ ਵਿੱਚ ਚਾਕੂ ਅਪਰਾਧ ਨੂੰ ਰੋਕਣ ਤੇ ਚਾਕੂ ਦੀ ਗਲਤ ਵਰਤੋਂ ਹੋਣ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਥੈਮਸ ਵੈਲੀ ਪੁਲਸ ਨੇ ਸਥਾਨਕ ਲੋਕਾਂ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਤੇ ਅਜਿਹੇ ਅਪਰਾਧ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਸਥਾਨਕ ਕੌਂਸਲ ਵੱਲੋਂ ਆਰਬਰ ਪਾਰਕ ਸਟੇਡੀਅਮ ਦੀ ਕਾਰ ਪਾਰਕ ਵਿੱਚ ਹਿੰਸਾ ਅਤੇ ਹਮਲਾਵਰਤਾ ਦੇ ਵਿਰੁੱਧ ਰਾਸ਼ਟਰੀ ਸਮਾਰਕ ਦੀ ਮੇਜ਼ਬਾਨੀ ਕੀਤੀ ਗਈ। ਸਲੋਹ ਵਿੱਚ ਹਿੰਸਾ ਦੇ ਖ਼ਿਲਾਫ਼ ਕਾਰਵਾਈ ਦੇ ਮਹੀਨੇ ਦੀ ਅਗਵਾਈ ਥੈਮਸ ਵੈਲੀ ਪੁਲਸ ਕਰ ਰਹੀ ਹੈ ਅਤੇ ਇਸ ਵਿੱਚ ਸਥਾਨਕ ਕੌਂਸਲ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ ਹੈ।
ਲੇਬਰ ਲੀਡਰ ਤੇ ਕੌਂਸਲਰ ਜੇਮਸ ਸਵਿੰਡਲਹਰਸਟ, ਕੌਂਸਲਰ ਫਿਜ਼ਾ ਮਤਲੂਬ, ਕੌਂਸਲਰ ਹਰਜਿੰਦਰ ਸਿੰਘ ਗਹੀਰ, ਕੌਂਸਲਰ ਕਮਲਜੀਤ ਕੌਰ, ਕੌਂਸਲਰ ਬੈਲੀ ਗਿੱਲ, ਕੌਂਸਲਰ ਨਾਜੀਰ ਅਹਿਮਦ, ਟਰੂ ਆਨਰ ਚੈਰਟੀ ਵੱਲੋਂ ਸਰਬਜੀਤ ਅਟਵਾਲ, ਡਾ. ਸਵਨੀਤ ਕੌਰ ਘੁੰਮਣ ਆਦਿ ਨੇ ‘ਦਿ ਨਾਈਫ਼ ਏਂਜਲ’ ਦੇ ਬੁੱਤ ਕੋਲ ਜਾ ਕੇ ਆਪਣਾ ਸੰਦੇਸ਼ ਦਰਜ ਕੀਤਾ।
ਇਹ ਵੀ ਪੜ੍ਹੋ : CM ਮਾਨ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਸਾਜ਼ਿਸ਼ ਤਹਿਤ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਪਰੇਡ ਤੋਂ ਕੀਤੀ ਬਾਹਰ
ਇਹ ‘ਦਿ ਨਾਈਫ਼ ਏਂਜਲ’ ਦੀ ਮੂਰਤੀ ਨੂੰ ਐਲਫੀ ਬ੍ਰੈਡਲੀ ਦੁਆਰਾ ਬਣਾਇਆ ਗਿਆ ਹੈ। ਇਸ ਮੂਰਤੀ ਨੂੰ ਯੂਕੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਲੋਹ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਇਸ ਵੱਧ ਰਹੇ ਜੁਰਮ ਲਈ ਟਰੂ ਆਨਰ ਚੈਰਟੀ ਦੇ ਸਾਬਕਾ ਪੁਲਸ ਅਫ਼ਸਰ ਕਲਾਈਵ ਵੱਲੋਂ ਵੀ ਜਾਣਕਾਰੀ ਦੇ ਕੇ ਅਪਰਾਧ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਬੀਤੇ ਸਾਲ ਚਾਕੂ ਨਾਲ ਹੋਏ ਅਚਾਨਕ ਹਮਲਿਆਂ ਵਿੱਚ ਸਥਾਨਕ ਸ਼ਹਿਰ ਦੇ ਅਨੇਕਾਂ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।