ਯੂ. ਕੇ. : ਪਿੱਜ਼ਾ ਐਕਸਪ੍ਰੈਸ ਆਪਣੇ 370 ਰੈਸਟੋਰੈਂਟਾਂ ''ਚੋਂ 1300 ਕਾਮਿਆਂ ਦੀ ਕਰੇਗਾ ਛੁੱਟੀ
Friday, Oct 30, 2020 - 02:10 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਕਾਲ ਨੇ ਜਿੱਥੇ ਵੱਡੇ-ਛੋਟੇ ਕਾਰੋਬਾਰਾਂ ਨੂੰ ਬੰਦ ਕੀਤਾ ਹੈ, ਉੱਥੇ ਹਜ਼ਾਰਾਂ ਹੀ ਕਾਮਿਆਂ ਤੋਂ ਉਨ੍ਹਾਂ ਦੀ ਰੋਜ਼ੀ ਰੋਟੀ ਵੀ ਖੋਹ ਲਈ ਹੈ। ਇਸ ਸਮੇਂ ਦੌਰਾਨ ਦੇਸ਼ ਦੀਆਂ ਵੱਡੀਆਂ ਫਰਮਾਂ ਨੇ ਆਪਣੇ ਵਰਕਰਾਂ ਦੀ ਛਾਂਟੀ ਕੀਤੀ ਹੈ।
ਇਸੇ ਲੜੀ ਤਹਿਤ ਹੁਣ ਮਸ਼ਹੂਰ ਫਾਸਟ ਫੂਡ ਚੇਨ ਪੀਜ਼ਾ ਐਕਸਪ੍ਰੈਸ ਨੇ ਕਿਹਾ ਹੈ ਕਿ ਸਖ਼ਤ ਪਾਬੰਦੀਆਂ ਦੇ ਚੱਲਦਿਆਂ ਆਰਥਿਕ ਮੰਦੀ ਦੌਰਾਨ ਉਹ ਯੂ. ਕੇ. ਵਿਚ ਆਪਣੇ 370 ਰੈਸਟੋਰੈਂਟਾਂ ਵਿਚ ਲਗਭਗ 1300 ਨੌਕਰੀਆਂ ਖਤਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰੈਸਟੋਰੈਂਟ ਦੀ ਲੜੀ ਨੇ 1,100 ਨੌਕਰੀਆਂ ਤੇ ਆਪਣੇ 73 ਰੈਸਟੋਰੈਂਟਾਂ ਨੂੰ ਬੰਦ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਸੀ।
ਪੀਜ਼ਾ ਐਕਸਪ੍ਰੈਸ ਦੇ ਮੈਨੇਜਿੰਗ ਡਾਇਰੈਕਟਰ ਜੋਅ ਬਾਓਲੇਅਨੁਸਾਰ ਇਸ ਚੁਣੌਤੀ ਭਰੇ ਸਮੇਂ ਦੌਰਾਨ ਉਨ੍ਹਾਂ ਦਾ ਉਦੇਸ਼ ਟੀਮ ਦੇ ਮੈਂਬਰਾਂ ਅਤੇ ਗਾਹਕਾਂ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਜਿੰਨਾ ਸਮਾਂ ਹੋ ਸਕੇ, ਉਹ ਨੌਕਰੀਆਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ ਪਰ ਇਸ ਸਮੇਂ ਕੋਵਿਡ-19 ਦੇ ਮਾਮਲਿਆਂ ਵਿਚ ਫਿਰ ਤੋਂ ਹੋਇਆ ਵਾਧਾ ਕਾਰੋਬਾਰਾਂ ਲਈ ਸ਼ਰਾਪ ਬਣ ਰਿਹਾ ਹੈ। ਡਾਇਰੈਕਟਰ ਅਨੁਸਾਰ ਇਹ ਸਭ ਕੁਝ ਮਹੀਨਿਆਂ ਤੱਕ ਜਾਰੀ ਰਹਿਣ ਦੀ ਉਮੀਦ ਹੈ ਜੋ ਸਾਡੀ ਟੀਮ ਦੇ ਵਧੇਰੇ ਮੈਂਬਰਾਂ ਨੂੰ ਪ੍ਰਭਾਵਤ ਕਰੇਗਾ। ਪਰ ਪੀਜ਼ਾ ਐਕਸਪ੍ਰੈਸ ਆਉਣ ਵਾਲੇ ਸਾਲਾਂ ਵਿੱਚ ਰੈਸਟੋਰੈਂਟਾਂ ਵਿੱਚ ਆਪਣੇ ਗਾਹਕਾਂ ਦੀ ਸੇਵਾਵਾਂ ਜਾਰੀ ਰੱਖਣ ਲਈ ਵਚਨਬੱਧ ਹੈ।