ਯੂ. ਕੇ. : ਪਾਇਲਟ ਦੇ ਬੇਹੋਸ਼ ਹੋ ਜਾਣ ''ਤੇ ਬ੍ਰਿਟਿਸ਼ ਏਅਰਵੇਜ਼ ਉਡਾਣ ਦੀ ਕਰਵਾਈ ਐਮਰਜੈਂਸੀ ਲੈਂਡਿੰਗ

Tuesday, Dec 29, 2020 - 03:55 PM (IST)

ਯੂ. ਕੇ. : ਪਾਇਲਟ ਦੇ ਬੇਹੋਸ਼ ਹੋ ਜਾਣ ''ਤੇ ਬ੍ਰਿਟਿਸ਼ ਏਅਰਵੇਜ਼ ਉਡਾਣ ਦੀ ਕਰਵਾਈ ਐਮਰਜੈਂਸੀ ਲੈਂਡਿੰਗ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਤੋਂ ਐਥਨਜ਼ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਇਕ ਉਡਾਨ ਦੀ ਇਸ ਦੇ ਸਹਿ ਪਾਇਲਟ ਦੇ ਅਚਾਨਕ ਬੀਮਾਰ ਹੋਣ ਤੋਂ ਬਾਅਦ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਕਰਕੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। 

ਜਹਾਜ਼ ਦੇ ਕਪਤਾਨ ਨੇ 26 ਦਸੰਬਰ ਨੂੰ ਸਵਿਟਜ਼ਰਲੈਂਡ ਦੇ ਜਿਊਰਿਖ ਏਅਰਪੋਰਟ 'ਤੇ ਆਪਣੇ ਸਾਥੀ ਅਧਿਕਾਰੀ ਦੇ ਅਚਾਨਕ ਬੀਮਾਰ ਹੋਣ ਕਾਰਨ ਸੁਰੱਖਿਆ ਦੇ ਮੰਤਵ ਨਾਲ ਐਮਰਜੈਂਸੀ ਲੈਂਡਿੰਗ ਕਰਵਾਈ। ਇਸ ਸਮੇਂ ਬ੍ਰਿਟਿਸ਼ ਏਅਰਵੇਜ਼ ਦਾ ਏ -320 ਏਅਰਬੱਸ ਜਹਾਜ਼ ਹੀਥਰੋ ਤੋਂ ਐਥਨਜ਼ ਪਹੁੰਚਣ ਲਈ ਇਕ ਘੰਟੇ ਦੀ ਦੂਰੀ 'ਤੇ ਸੀ। 

ਇਸ ਦੌਰਾਨ ਸਹਿ ਪਾਇਲਟ ਦੇ ਬੀਮਾਰ ਹੋਣ ਤੇ ਪਾਇਲਟ ਵਾਪਸ ਲੰਡਨ ਲਈ ਰਵਾਨਾ ਹੋ ਗਿਆ ਸੀ ਪਰ ਉਸ ਦੇ ਸਾਥੀ ਦੀ ਸਥਿਤੀ ਜ਼ਿਆਦਾ ਵਿਗੜ ਜਾਣ ਕਾਰਨ ਸਵਿਟਜ਼ਰਲੈਂਡ ਵਿਚ ਇਕ ਅਣ-ਨਿਰਧਾਰਤ ਲੈਂਡਿੰਗ ਕੀਤੀ ਗਈ। ਇਸ ਤੋਂ ਬਾਅਦ ਬੀਮਾਰ ਪਾਈਲਟ ਨੂੰ ਹਸਪਤਾਲ ਲਿਜਾਇਆ ਗਿਆ। ਇਸ ਐਮਰਜੈਂਸੀ ਲੈਂਡਿੰਗ ਦੌਰਾਨ ਇਸ ਯਾਤਰੀ ਜਹਾਜ਼ ਨੇ ਪੰਜ ਘੰਟੇ ਜਿਊਰਿਖ ਵਿਚ ਬਿਤਾਉਣ ਤੋਂ ਬਾਅਦ ਐਥਨਜ਼ ਲਈ ਉਡਾਣ ਭਰੀ।
 


author

Lalita Mam

Content Editor

Related News