ਯੂ. ਕੇ. ਨੇ ਕੌਮਾਂਤਰੀ ਹਵਾਈ ਯਾਤਰਾ ''ਤੇ ਕੀਤੀ ਸਖ਼ਤਾਈ, ਹਰੇਕ ਯਾਤਰੀ ਲਈ ਨੈਗੇਟਿਵ ਟੈਸਟ ਜ਼ਰੂਰੀ

01/16/2021 5:39:49 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਇਸ ਸਮੇਂ ਕੌਂਮੀ ਤਾਲਾਬੰਦੀ ਜਾਰੀ ਹੈ। ਵਾਇਰਸ ਦੇ ਮੱਦੇਨਜ਼ਰ ਕੀਤੀ ਹੋਈ ਸਖ਼ਤਾਈ ਦੇ ਬਾਵਜੂਦ ਦੇਸ਼ ਭਰ ਵਿਚ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਵਾਇਰਸ ਦੇ ਵਿਗੜ ਰਹੇ ਹਾਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਅੰਤਰਰਾਸ਼ਟਰੀ ਹਵਾਈ ਯਾਤਰਾ ਨੂੰ ਹੋਰ ਪਾਬੰਦੀਆਂ ਅਧੀਨ ਲਿਆਂਦਾ ਹੈ। 

ਇਸ ਲਈ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਦੁਨੀਆ ਦੇ ਹਰ ਇਕ ਦੇਸ਼ ਲਈ ਯੂ. ਕੇ. ਦੇ ਸਾਰੇ ਟ੍ਰੈਵਲ ਕਾਰੀਡੋਰ ਸੋਮਵਾਰ ਸਵੇਰੇ 4 ਵਜੇ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਨੂੰ ਨਵੇਂ ਨਿਯਮਾਂ ਤਹਿਤ ਸਾਰੇ ਦੇਸ਼ਾਂ ਦੇ ਯਾਤਰੀਆਂ ਨੂੰ ਯੂ. ਕੇ. ਲਈ ਰਵਾਨਾ ਹੋਣ ਤੋਂ ਪਹਿਲਾਂ ਪਿਛਲੇ 72 ਘੰਟਿਆਂ ਵਿਚ ਲਏ ਗਏ ਨੈਗੇਟਿਵ ਕੋਵਿਡ-19 ਟੈਸਟ ਦਾ ਸਬੂਤ ਦੇਣਾ ਜ਼ਰੂਰੀ ਹੋਵੇਗਾ। 

ਇਸ ਦੇ ਇਲਾਵਾ ਕੌਮਾਂਤਰੀ ਯਾਤਰੀਆਂ ਨੂੰ ਯੂ. ਕੇ. ਆਉਣ 'ਤੇ 10 ਦਿਨਾਂ ਲਈ ਇਕਾਂਤਵਾਸ ਹੋਣਾ ਵੀ ਜ਼ਰੂਰੀ ਹੋਵੇਗਾ, ਹਾਲਾਂਕਿ ਉਹ ਇਸ ਦੌਰਾਨ ਪੰਜ ਦਿਨਾਂ ਬਾਅਦ ਇਕ ਹੋਰ ਵਾਧੂ ਟੈਸਟ ਨਾਲ ਇਕਾਂਤਵਾਸ ਸਮਾਂ ਘੱਟ ਕਰ ਸਕਣਗੇ ਜਦਕਿ ਇਸ ਤੋਂ ਪਹਿਲਾਂ ਵਾਇਰਸ ਤੋਂ ਘੱਟ ਪ੍ਰਭਾਵਿਤ ਦੇਸ਼ਾਂ ਲਈ ਕੋਰੀਡੋਰ ਪ੍ਰਣਾਲੀ ਰਾਹੀਂ ਇਕਾਂਤਵਾਸ ਦੀ ਛੋਟ ਸੀ। ਇਹ ਫੈਸਲਾ ਯੂ. ਕੇ. ਵਿਚ ਵਾਇਰਸ ਦੇ ਨਵੇਂ ਰੂਪਾਂ ਨਾਲ ਵੱਧ ਰਹੇ ਮਾਮਲਿਆਂ ਬਾਰੇ ਪਤਾ ਲੱਗਣ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿਚ ਦੱਖਣੀ ਅਫਰੀਕਾ ਦੇ ਨਾਲ ਹੁਣ ਨਵਾਂ ਬ੍ਰਾਜ਼ੀਲੀ ਵਾਇਰਸ ਰੂਪ ਵੀ ਸ਼ਾਮਲ ਹੈ। 

ਪ੍ਰਧਾਨ ਮੰਤਰੀ ਅਨੁਸਾਰ ਇਹ ਨਵੇਂ ਨਿਯਮ ਘੱਟੋ-ਘੱਟ 15 ਫਰਵਰੀ ਤੱਕ ਲਾਗੂ ਰਹਿਣਗੇ। ਤੀਜੀ ਕੌਂਮੀ ਤਾਲਾਬੰਦੀ ਦੌਰਾਨ ਹਸਪਤਾਲ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਭਗ 37,000 ਤੱਕ ਪਹੁੰਚ ਗਈ ਹੈ ,ਜੋ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੱਧ ਸਕਦੀ ਹੈ।


Lalita Mam

Content Editor

Related News