ਬ੍ਰਿਟੇਨ  : ਪਿਛਲੇ ਸਾਲ ਨਾਲੋਂ 3 ਗੁਣਾ ਮਰੀਜ਼ ਕਰ ਰਹੇ ਨੇ ਹਸਪਤਾਲਾਂ ''ਚ ਇਲਾਜ ਲਈ ਉਡੀਕ

Sunday, Sep 13, 2020 - 01:06 PM (IST)

ਬ੍ਰਿਟੇਨ  : ਪਿਛਲੇ ਸਾਲ ਨਾਲੋਂ 3 ਗੁਣਾ ਮਰੀਜ਼ ਕਰ ਰਹੇ ਨੇ ਹਸਪਤਾਲਾਂ ''ਚ ਇਲਾਜ ਲਈ ਉਡੀਕ

ਲੰਡਨ- ਕੋਰੋਨਾ ਵਾਇਰਸ ਕਾਰਨ ਹਸਪਤਾਲਾਂ ਵਿਚ ਹੋਰ ਬੀਮਾਰੀਆਂ ਦੇ ਇਲਾਜ ਜਾਂ ਆਪਰੇਸ਼ਨ ਕਰਵਾਉਣ ਵਾਲੇ ਲੋਕ ਲੰਬੀਆਂ ਕਤਾਰਾਂ ਲਗਾ ਕੇ ਆਪਣੀ ਵਾਰੀ ਆਉਣ ਦੀ ਉਡੀਕ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਬ੍ਰਿਟੇਨ ਵਿਚ ਪਿਛਲੇ 18 ਹਫਤਿਆਂ ਤੋਂ 2 ਮਿਲੀਅਨ ਭਾਵ 20 ਲੱਖ ਤੋਂ ਵੱਧ ਲੋਕ ਆਪਣੇ ਇਲਾਜ ਲਈ ਉਡੀਕ ਕਰ ਰਹੇ ਹਨ, ਜਿਨ੍ਹਾਂ ਵਿਚ ਕੈਂਸਰ, ਆਪਰੇਸ਼ਨ ਆਦਿ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਇਨ੍ਹਾਂ ਮਰੀਜ਼ਾਂ ਦੀ ਗਿਣਤੀ 3 ਗੁਣਾ ਹੈ। 

ਜੇਕਰ ਪਿਛਲੇ ਸਾਲ ਦੇ ਡਾਟਾ ਨੂੰ ਖੰਗਾਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਜੁਲਾਈ 2019 ਵਿਚ 6,20,454 ਲੋਕ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਇਸ ਵਾਰ ਇਹ ਡਾਟਾ ਤਿੰਨ ਗੁਣਾ ਵੱਧ ਗਿਆ ਹੈ ਤੇ ਜੁਲਾਈ 2020 ਵਿਚ 2.15 ਮਿਲੀਅਨ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਅਗਸਤ 2007 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਮਰੀਜ਼ ਇਲਾਜ ਲਈ ਉਡੀਕ ਕਰ ਰਹੇ ਹਨ। 

ਇੰਗਲੈਂਡ ਦੇ ਰਾਇਲ ਕਾਲਜ ਆਫ ਸਰਜੀਅਨਜ਼ ਦੇ ਪ੍ਰੋਫੈਸਰ ਨੀਲ ਮੋਰਟਨਸੇਨ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਤਕਲੀਫ ਹੋ ਰਹੀ ਹੈ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ ਇਲਾਜ ਲਈ ਉਡੀਕ ਕਰ ਰਹੇ ਹਨ। ਜਿਹੜੇ ਮਰੀਜ਼ ਲਗਭਗ ਇਕ ਸਾਲ ਤੋਂ ਉਡੀਕ ਵਿਚ ਖੜ੍ਹੇ ਹਨ, ਉਨ੍ਹਾਂ ਲਈ ਅਗਲੀ ਬਸੰਤ ਰੁੱਤ ਤੱਕ ਉਡੀਕ ਕਰਨਾ ਬਹੁਤ ਮੁਸ਼ਕਲ ਹੈ। ਇਹ ਸਿਰਫ ਉਨ੍ਹਾਂ ਦੀ ਸਿਹਤ ਦਾ ਹੀ ਨਹੀਂ ਸਗੋਂ ਆਰਥਿਕ ਪੱਖੋਂ ਵੀ ਨੁਕਸਾਨ ਵਾਲੀ ਗੱਲ ਹੈ। ਬਹੁਤ ਸਾਰੇ ਲੋਕ ਇਲਾਜ ਨਾ ਮਿਲਣ ਕਾਰਨ ਆਪਣੇ ਕੰਮਾਂ 'ਤੇ ਨਹੀਂ ਜਾ ਸਕਣਗੇ, ਜੋ ਦੇਸ਼ ਲਈ ਵਿੱਤੀ ਘਾਟੇ ਵਜੋਂ ਹੋਵੇਗਾ। 

ਪਿਛਲੇ ਸਾਲ ਨਾਲੋਂ ਬਹੁਤ ਘੱਟ ਕੈਂਸਰ ਮਰੀਜ਼ਾਂ ਦਾ ਇਲਾਜ ਇਸ ਸਮੇਂ ਚੱਲ ਰਿਹਾ ਹੈ। ਜਦਕਿ ਬਹੁਤ ਸਾਰੇ ਲੋਕ ਅਜੇ ਆਪਣੀ ਵਾਰੀ ਉਡੀਕ ਰਹੇ ਹਨ। ਕਈ ਲੋਕਾਂ ਦੀ ਸ਼ਿਕਾਇਤ ਹੈ ਕਿ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਬੀਮਾਰੀ ਹੋਰ ਵੱਧ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ।


author

Lalita Mam

Content Editor

Related News