ਯੂ. ਕੇ. : ਹਸਪਤਾਲਾਂ ਦੇ ਮੁਰਦਾ ਘਰਾਂ ''ਚ ਜਗ੍ਹਾ ਨਾ ਹੋਣ ਕਾਰਨ ਖੋਲ੍ਹੇ ਗਏ ਅਸਥਾਈ ਮੁਰਦਾ ਘਰ
Tuesday, Jan 12, 2021 - 01:31 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਨੇ ਪ੍ਰਸ਼ਾਸਨ ਦੀਆਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਵਧਾ ਦਿੱਤਾ ਹੈ। ਦੇਸ਼ ਭਰ ਵਿਚ ਕੀਤੀ ਹੋਈ ਤਾਲਾਬੰਦੀ ਦੇ ਬਾਵਜੂਦ ਵੀ ਪ੍ਰਤੀ ਦਿਨ ਕੋਰੋਨਾ ਵਾਇਰਸ ਲੋਕਾਂ ਦੀ ਜਾਨ ਲੈ ਰਿਹਾ ਹੈ। ਸਿਹਤ ਵਿਭਾਗ ਵੱਲੋਂ ਜ਼ਿਆਦਾ ਮੌਤਾਂ ਹੋਣ ਕਾਰਨ ਹਸਪਤਾਲਾਂ ਵਿਚਲੇ ਲਾਸ਼ਾਂ ਨੂੰ ਸੰਭਾਲਣ ਵਾਲੇ ਮੁਰਦਾ ਘਰਾਂ ਵਿਚ ਥਾਂ ਘੱਟ ਹੋਣ ਕਾਰਨ ਦੇਸ਼ ਭਰ ਵਿਚ ਲਾਸ਼ਾਂ ਨੂੰ ਅਸਥਾਈ ਮੁਰਦਾ ਘਰਾਂ ਵਿਚ ਰੱਖਿਆ ਜਾ ਰਿਹਾ ਹੈ।
ਯੂ. ਕੇ. ਦੇ ਕਈ ਖੇਤਰ ਜਿਵੇਂ ਕਿ ਸਰੀ, ਲੰਡਨ, ਕੈਂਟ ਅਤੇ ਲਿੰਕਨਸ਼ਾਇਰ ਆਦਿ ਵਿਚ ਕੋਰੋਨਾ ਕਾਰਨ ਮੌਤਾਂ ਦੇ ਵਾਧੇ ਤੋਂ ਬਾਅਦ ਐਮਰਜੈਂਸੀ ਮੁਰਦਾ ਘਰਾਂ ਦੀਆਂ ਸਹੂਲਤਾਂ ਸਥਾਪਤ ਕੀਤੀਆਂ ਗਈਆਂ ਹਨ ਜਦਕਿ ਸਰੀ ਦੇ ਲੈਦਰਹੈਡ ਸਥਿਤ ਹੈਡਲੀ ਕੋਰਟ ਵਿਚ ਲਗਭਗ 170 ਲਾਸ਼ਾਂ ਨੂੰ ਅਸਥਾਈ ਮੁਰਦਾ ਘਰ ਵਿਚ ਰੱਖਿਆ ਜਾ ਰਿਹਾ ਹੈ। ਇਸ ਦੇ ਇਲਾਵਾ ਪੱਛਮੀ ਲੰਡਨ ਵਿਚ ਵੀ 953 ਲਾਸ਼ਾਂ ਦੀ ਸਮਰੱਥਾ ਵਾਲੇ ਅਸਥਾਈ ਮੁਰਦਾ ਘਰ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ। ਇਹਨਾਂ ਖੇਤਰਾਂ ਦੇ ਨਾਲ ਹੀ ਕੈਂਟ ਕਾਉਂਟੀ ਕੌਂਸਲ ਨੇ ਵੀ 950 ਲਾਸ਼ਾਂ ਨੂੰ ਸਾਂਭਣ ਵਾਲੀ ਅਜਿਹੀ ਸਹੂਲਤ ਨੂੰ ਲੋੜ ਪੈਣ 'ਤੇ ਖੋਲ੍ਹਣ ਦੀ ਪੁਸ਼ਟੀ ਕੀਤੀ ਹੈ।
ਸਰੀ ਵਿਚਲਾ ਮੁਰਦਾ ਘਰ ਮਹਾਮਾਰੀ ਦੀ ਪਹਿਲੀ ਲਹਿਰ ਦੇ ਸਮੇਂ ਪਿਛਲੇ ਸਾਲ ਅਪ੍ਰੈਲ ਵਿਚ ਖੁੱਲ੍ਹ ਗਿਆ ਸੀ। ਇਹ ਖੇਤਰ ਇਸ ਸਮੇਂ ਦੇਸ਼ ਵਿਚ ਸਭ ਤੋਂ ਵੱਧ ਸੰਕ੍ਰਮਣ ਨਾਲ ਪ੍ਰਭਾਵਿਤ ਹਿੱਸਿਆਂ ਵਿਚੋਂ ਇਕ ਹੈ ਅਤੇ ਕਾਉਂਟੀ ਦੇ ਹਸਪਤਾਲਾਂ ਦੇ ਮੁਰਦਾਘਰਾਂ ਵਿਚ 600 ਲਾਸ਼ਾਂ ਨੂੰ ਸਟੋਰ ਕਰਨ ਦੀ ਸਮਰੱਥਾ ਹੈ ਪਰ ਇਹ ਸਭ ਇਸ ਵੇਲੇ ਭਰੇ ਹੋਏ ਹਨ, ਜਦੋਂ ਕਿ ਅਸਥਾਈ ਸਹੂਲਤਾਂ ਵਿਚ 845 ਲਾਸ਼ਾਂ ਨੂੰ ਰੱਖਣ ਦੀ ਜਗ੍ਹਾ ਹੈ।
ਦੇਸ਼ ਭਰ ਦੇ ਹਸਪਤਾਲਾਂ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਇਕ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ ਅਤੇ ਕੋਰੋਨਾ ਵਾਇਰਸ ਮੌਤਾਂ ਦੀ ਗਿਣਤੀ ਵੀ ਪਿਛਲੇ ਹਫਤੇ ਦੇ ਅੰਤ ਵਿਚ 80,000 ਤੋਂ ਵੱਧ ਹੋ ਗਈ ਹੈ ਜਦਕਿ ਵਾਇਰਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਵੀ 30 ਲੱਖ ਤੋਂ ਪਾਰ ਹੋ ਗਈ ਹੈ। ਇਸ ਸੰਬੰਧੀ ਦਰਜ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਐਤਵਾਰ ਤੱਕ ਹੋਰ 563 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਨਾਲ ਯੂ. ਕੇ. ਦਾ ਕੁੱਲ ਮੌਤ ਅੰਕੜਾ ਤਕਰੀਬਨ 81,431 ਹੋ ਗਿਆ ਹੈ।