ਯੂ. ਕੇ. : ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਜਾਮ ਕੀਤੀਆਂ ਲੰਡਨ ਦੀਆਂ ਸੜਕਾਂ

10/18/2020 12:54:37 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਸਰਕਾਰ ਵਲੋਂ ਕਾਫੀ ਨਿਯਮ ਬਣਾਏ ਗਏ ਹਨ, ਜਿਨ੍ਹਾਂ ਕਰਕੇ ਲੋਕਾਂ ਤੇ ਕਾਫੀ ਰੋਕਾਂ ਲੱਗ ਰਹੀਆਂ ਹਨ। 

ਯੂ. ਕੇ. ਵਿਚ ਵਾਇਰਸ ਦੇ ਕੇਸਾਂ ਵਿਚ ਦੁਬਾਰਾ ਵਾਧਾ ਹੋਣ ਕਰ ਕੇ ਸਰਕਾਰ ਦੁਆਰਾ ਨਵੇਂ ਟੀਅਰ 2 ਨਿਯਮ ਲਾਗੂ ਕੀਤੇ ਗਏ ਹਨ। ਇਸ ਲਈ ਲੰਡਨ ਸ਼ਹਿਰ ਵਿਚ ਸਖ਼ਤ ਕੋਰੋਨਾ ਵਾਇਰਸ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਸ਼ਨੀਵਾਰ ਨੂੰ ਕੇਂਦਰੀ ਲੰਡਨ ਵਿਚ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪਿਛਲੇ ਦਿਨੀਂ ਰਾਜਧਾਨੀ, ਏਸੇਕਸ, ਯੌਰਕ ਅਤੇ ਹੋਰ ਖੇਤਰਾਂ ਦੇ ਨਾਲ ਇੰਗਲੈਂਡ ਦੇ ਨਵੇਂ ਕੋਵਿਡ -19 ‘ਟ੍ਰੈਫਿਕ ਲਾਈਟ’ ਪ੍ਰਣਾਲੀ ਦੇ ਪਹਿਲੇ ਨੰਬਰ ਤੋਂ ਦੂਜੇ ਗੰਭੀਰ ਪੱਧਰ ‘ਤੇ ਚਲੀ ਗਈ ਹੈ। ਇਸ ਦੇ ਵਿਰੋਧ ਲਈ ਲੰਡਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਹਾਈਡ ਪਾਰਕ ਅਤੇ ਆਕਸਫੋਰਡ ਸਟ੍ਰੀਟ ਵਿੱਚ ਮਾਰਚ ਕੀਤਾ। 

 

ਮੁਜ਼ਾਹਰੇ ਵਿਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਲੋਕਾਂ ਦੇ ਚਿਹਰੇ ਢਕੇ ਹੋਏ ਨਹੀਂ ਸਨ ਅਤੇ ਉਨ੍ਹਾਂ ਵਲੋਂ ਸਮਾਜਕ ਦੂਰੀ ਦੇ ਨਿਯਮਾਂ ਨੂੰ ਵੀ ਵੱਡੇ ਪੱਧਰ 'ਤੇ ਨਜ਼ਰ ਅੰਦਾਜ਼ ਕੀਤਾ ਗਿਆ। ਮੈਟਰੋਪੋਲੀਟਨ ਪੁਲਸ ਦੇ ਇਕ ਬੁਲਾਰੇ ਅਨੁਸਾਰ ਇਕ ਵਿਅਕਤੀ ਨੂੰ ਹੁਣ ਤੱਕ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿਅਰਜ਼ ਕਾਰਬਿਨ (ਲੇਬਰ ਪਾਰਟੀ ਦੇ ਸਾਬਕਾ ਲੀਡਰ ਜੇਰੇਮੀ ਕਾਰਬਿਨ ਦਾ ਭਰਾ) ਨੂੰ ਪਹਿਲਾਂ ਲਾਕਡਾਉਨ ਵਿਰੋਧੀ ਮੁਜ਼ਾਹਰਿਆਂ ਲਈ ਅਗਸਤ ਵਿੱਚ 10,000 ਪੌਂਡ ਦਾ ਜ਼ੁਰਮਾਨਾ ਕੀਤਾ ਗਿਆ ਸੀ। ਉਹ ਵੀ  ਨਾਰਾਜ਼ਗੀ ਜ਼ਾਹਰ ਕਰਨ ਵਾਲਿਆਂ ਵਿੱਚ ਸ਼ਾਮਲ ਹੋਇਆ ਸੀ। ਜਿਕਰਯੋਗ ਹੈ ਕਿ ਰਾਜਧਾਨੀ ਹੁਣ ਟੀਅਰ ਦੋ ਵਿੱਚ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਸਮੂਹਾਂ ਵਿਚ ਮੁਲਾਕਾਤ ਕਰਨ ਦੀ ਆਗਿਆ ਨਹੀਂ ਹੈ।
 


Lalita Mam

Content Editor

Related News