ਯੂ. ਕੇ. : ਯੂਰਪੀਅਨ ਯੂਨੀਅਨ ਦੇ ਹਜ਼ਾਰਾਂ ਲੋਕਾਂ ਨੂੰ ਮਿਲਣ ਵਾਲੇ ਲਾਭ ਹੋ ਸਕਦੇ ਹਨ ਬੰਦ
Tuesday, Jun 22, 2021 - 04:55 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਵਿੱਚ ਬ੍ਰੈਗਜ਼ਿਟ ਸਮਝੌਤੇ ਤੋਂ ਬਾਅਦ ਸੈਟਲਮੈਂਟ ਲਈ ਅਰਜ਼ੀ ਦੇਣ ਲਈ ਬਾਕੀ ਹਜ਼ਾਰਾਂ ਯੂਰਪੀਅਨ ਲੋਕ ਕੁੱਝ ਦਿਨਾਂ ਦੇ ਅੰਦਰ ਆਪਣੇ ਲਾਭ ਗਵਾ ਸਕਦੇ ਹਨ। ਇਸ ਸਬੰਧੀ ਇੱਕ ਰਿਪੋਰਟ ਅਨੁਸਾਰ ਯੂ. ਕੇ. ਵਿੱਚ ਮਿਲਣ ਵਾਲੇ ਲਾਭਾਂ ਦਾ ਦਾਅਵਾ ਕਰਨ ਵਾਲੇ ਛੇ ਯੂਰਪੀਅਨ ਨਾਗਰਿਕਾਂ ਵਿੱਚੋਂ ਇੱਕ ਵੱਲੋਂ ਸਥਾਈ ਰਿਹਾਇਸ਼ ਲਈ ਅਰਜ਼ੀ ਦੇਣੀ ਬਾਕੀ ਹੈ। ਬ੍ਰੈਗਜ਼ਿਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੋ ਬ੍ਰਿਟੇਨ ਵਿੱਚ ਰਹਿਣਾ ਚਾਹੁੰਦੇ ਹਨ, ਨੂੰ 30 ਜੂਨ ਤੱਕ ਸੈਟਲਮੈਟ ਸਕੀਮ ਰਾਹੀਂ ਅਰਜ਼ੀ ਦੇਣੀ ਜ਼ਰੂਰੀ ਹੈ।
ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਹ ਲੋਕ ਗੈਰ-ਕਾਨੂੰਨੀ ਬਣ ਜਾਣਗੇ ਅਤੇ ਮਿਲਣ ਵਾਲੇ ਲਾਭ ਗਵਾਉਣ ਦੇ ਨਾਲ ਦੇਸ਼ ਨਿਕਾਲੇ ਲਈ ਜ਼ਿੰਮੇਵਾਰ ਹੋਣਗੇ। ਸਰਕਾਰੀ ਅੰਕੜਿਆਂ ਅਨੁਸਾਰ ਬ੍ਰਿਟੇਨ ਵਿੱਚ ਤਕਰੀਬਨ 820,000 ਯੂਰਪੀਅਨ ਲੋਕ ਲਾਭਾਂ ਦੇ ਦਾਅਵੇਦਾਰ ਹਨ, ਜਿਨ੍ਹਾਂ ਵਿੱਚੋਂ ਲੱਗਭਗ 130,000 ਲੋਕਾਂ ਨੇ ਈ. ਯੂ. ਸੈਟਲਮੈਂਟ ਸਟੇਟਸ ਲਈ ਅਪਲਾਈ ਨਹੀਂ ਕੀਤਾ ਹੈ। ਇਸ ਵੇਲੇ ਤਕਰੀਬਨ 320,000 ਈ. ਯੂ. ਸੈਟਲਮੈਂਟ ਅਰਜ਼ੀਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਗ੍ਰਹਿ ਦਫਤਰ ਅਨੁਸਾਰ ਜਿਹੜਾ ਵੀ ਵਿਅਕਤੀ 30 ਜੂਨ ਦੀ ਆਖਰੀ ਤਾਰੀਖ ਤੱਕ ਇਸ ਸਕੀਮ ਲਈ ਅਪਲਾਈ ਕਰਦਾ ਹੈ, ਉਸ ਦੇ ਅਧਿਕਾਰਾਂ ਦੀ ਉਦੋਂ ਤੱਕ ਰਾਖੀ ਕੀਤੀ ਜਾਵੇਗੀ, ਜਦੋਂ ਤੱਕ ਉਨ੍ਹਾਂ ਦੀ ਅਰਜ਼ੀ ਦਾ ਫੈਸਲਾ ਨਹੀਂ ਹੋ ਜਾਂਦਾ।