ਯੂਕੇ: ਰਾਇਲ ਮੇਲ ਵੱਲੋਂ ਇਲੈਕਟ੍ਰਿਕ ਵਾਹਨਾਂ ਰਾਹੀਂ ਕੀਤੀ ਜਾਵੇਗੀ ਛੋਟੇ ਪਾਰਸਲਾਂ ਦੀ ਡਿਲਿਵਰੀ
Tuesday, Sep 21, 2021 - 01:07 PM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਦੀ ਡਾਕ ਸੇਵਾ ਰਾਇਲ ਮੇਲ ਵੱਲੋਂ ਵਾਤਾਵਰਨ ਵਿਚੋਂ ਗੈਸਾਂ ਦੇ ਨਿਕਾਸ ਘੱਟ ਕਰਨ ਦੇ ਮੰਤਵ ਨਾਲ ਛੋਟੇ ਪਾਰਸਲਾਂ ਦੀ ਡਿਲਿਵਰੀ ਕਰਨ ਲਈ ਮਾਈਕਰੋ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਉਦੇਸ਼ ਲਈ ਵਿਭਾਗ ਵੱਲੋਂ ਬਿਜਲੀ ਨਾਲ ਚੱਲਣ ਵਾਲੇ ਛੋਟੇ ਵਾਹਨਾਂ ਦੇ ਟ੍ਰਾਇਲ ਸ਼ੁਰੂ ਕੀਤੇ ਜਾ ਰਹੇ ਹਨ। ਛੇ ਮਹੀਨਿਆਂ ਦੇ ਇਹ ਟ੍ਰਾਇਲ ਐਡਿਨਬਰਾ, ਕ੍ਰੇਵੇ, ਲਿਵਰਪੂਲ, ਸਵਿੰਡਨ ਅਤੇ ਲੰਡਨ ਵਿਚ ਹੋਣਗੇ, ਜਿਸ ਵਿਚ ਗੋਲਫ-ਬੱਗੀ ਕਿਸਮ ਦੇ ਮਾਈਕ੍ਰੋ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਚਿੱਠੀਆਂ ਅਤੇ ਛੋਟੇ ਪਾਰਸਲ ਦੇਣ ਲਈ ਕੀਤੀ ਜਾਵੇਗੀ।
ਇਹਨਾਂ ਛੋਟੇ ਵਾਹਨਾਂ ਦਾ ਮੁਲਾਂਕਣ ਰਿਹਾਇਸ਼ੀ ਖੇਤਰਾਂ ਵਿਚ ਵੱਡੀਆਂ ਵੈਨਾਂ ਦੇ ਮੁਕਾਬਲੇ ਘੱਟ ਕਾਰਬਨ ਨਿਕਾਸੀ ਵਿਕਲਪ ਵਜੋਂ ਕੀਤਾ ਜਾਵੇਗਾ। ਰਾਇਲ ਮੇਲ ਵੱਲੋਂ ਇਸ ਕਦਮ ਦਾ ਉਦੇਸ਼ ਗੈਸਾਂ ਦੇ ਨਿਕਾਸ ਨੂੰ ਹੋਰ ਘਟਾਉਣ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰਨਾ ਹੈ। ਇਹਨਾਂ ਵਾਹਨਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਡਾਕ ਕਰਮਚਾਰੀਆਂ ਨੂੰ ਚਿੱਠੀਆਂ ਅਤੇ ਛੋਟੇ ਪਾਰਸਲ ਡਿਲੀਵਰ ਕਰਨ ਵਿਚ ਸਹਾਇਤਾ ਕੀਤੀ ਜਾ ਸਕੇ। ਰਾਇਲ ਮੇਲ ਅਨੁਸਾਰ ਡਰੋਨ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ, ਬਾਲਣ- ਐਫੀਸੈਂਟ ਟਾਇਰਾਂ ਤੋਂ ਲੈ ਕੇ ਬਾਇਓ-ਸੀ ਐਨ ਜੀ ਟਰੱਕਾਂ ਤੱਕ ਵਿਭਾਗ ਵੱਲੋਂ ਵਾਤਾਵਰਣ ਪ੍ਰਭਾਵ ਨੂੰ ਹੋਰ ਵੀ ਘੱਟ ਕਰਨ ਲਈ ਨਵੀਨਤਾ ਜਾਰੀ ਰਹੇਗੀ। ਰਾਇਲ ਮੇਲ ਦੇ ਇਹ ਛੋਟੇ ਇਲੈਕਟ੍ਰਿਕ ਵਾਹਨ ਇਕ ਸਟੈਂਡਰਡ ਤਿੰਨ-ਪਿੰਨ ਪਲੱਗ ਦੀ ਵਰਤੋਂ ਕਰਕੇ ਚਾਰਜ ਕੀਤੇ ਜਾਂਦੇ ਹਨ।