ਯੂਕੇ : ਗੁਰੂਘਰ ਮੱਥਾ ਟੇਕਣ ਪਹੁੰਚੀ ਪੈਮ ਗੋਸਲ, ਸਿਰੋਪਾਓ ਭੇਂਟ ਕਰ ਕੀਤਾ ਗਿਆ ਸਨਮਾਨਿਤ
Monday, May 10, 2021 - 12:45 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਪਾਰਲੀਮੈਂਟ ਦੀਆਂ ਬੀਤੇ ਦਿਨੀਂ ਹੋਈਆਂ ਚੋਣਾਂ ਵਿੱਚ ਪੰਜਾਬੀ ਮੂਲ ਦੀ ਪੈਮ ਗੋਸਲ ਨੂੰ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਹੋਇਆ ਹੈ ਜੋ ਸਕਾਟਿਸ਼ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਵਿੱਚ ਕਾਮਯਾਬ ਹੋਈ ਹੈ। ਬੇਸ਼ੱਕ ਪੈਮ ਗੋਸਲ ਆਪਣੇ ਹਲਕੇ ਦੀ ਚੋਣ ਵਿੱਚ ਮਾਤ ਖਾ ਗਈ ਪਰ ਲਿਸਟ ਦੀ ਵੋਟ ਰਾਹੀਂ ਕੰਜਰਵੇਟਿਵ ਪਾਰਟੀ ਦੀ ਤਰਫੋਂ ਪਾਰਲੀਮੈਂਟ ਪਹੁੰਚਣ ਵਿੱਚ ਉਸਦਾ ਰਾਹ ਪੱਧਰਾ ਹੋ ਗਿਆ।
ਇਤਿਹਾਸਕ ਪਲਾਂ ਦੀ ਮੁੱਖ ਸੂਤਰ ਬਣਨ ਉਪਰੰਤ ਪੈਮ ਗੋਸਲ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਪਹੁੰਚ ਕੇ ਮੱਥਾ ਟੇਕਿਆ ਗਿਆ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੰਚ ਤੋਂ ਸਕੱਤਰ ਬਖਸ਼ੀਸ਼ ਸਿੰਘ ਦੀਹਰੇ ਵੱਲੋਂ ਪੈਮ ਗੋਸਲ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਵਧਾਈ ਦਿੰਦਿਆਂ ਸੰਗਤਾਂ ਨਾਲ ਆਪਣੇ ਬੋਲਾਂ ਦੀ ਸਾਂਝ ਪਾਉਣ ਲਈ ਸੱਦਾ ਦਿੱਤਾ। ਪੈਮ ਗੋਸਲ ਨੇ ਬੋਲਦਿਆਂ ਜਿੱਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉੱਥੇ ਸੰਗਤਾਂ ਨੂੰ ਯਕੀਨ ਦਵਾਇਆ ਕਿ ਉਹ ਹਰ ਕਿਸੇ ਦੀ ਆਵਾਜ਼ ਪਾਰਲੀਮੈਂਟ ਤੱਕ ਲੈ ਕੇ ਜਾਣ ਲਈ ਵਚਨਬੱਧ ਰਹੇਗੀ।
ਪੜ੍ਹੋ ਇਹ ਅਹਿਮ ਖਬਰ - ਲੰਡਨ: ਨਹਿਰ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼, ਪੁਲਸ ਵੱਲੋਂ ਜਾਂਚ ਸ਼ੁਰੂ
ਨਾਲ ਹੀ ਉਹਨਾਂ ਭਾਈਚਾਰੇ ਦੇ ਲੋਕਾਂ ਨੂੰ ਸਰਗਰਮ ਸਿਆਸਤ ਦਾ ਹਿੱਸਾ ਬਣਨ ਦੀ ਵੀ ਪੁਰਜ਼ੋਰ ਅਪੀਲ ਕੀਤੀ। ਇਸ ਉਪਰੰਤ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਵੱਲੋਂ ਉਹਨਾਂ ਨੂੰ ਸਮੁੱਚੀ ਪ੍ਰਬੰਧਕ ਕਮੇਟੀ ਤਰਫੋਂ ਸਿਰੋਪਾਓ ਭੇਂਟ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ: ਇੰਦਰਜੀਤ ਸਿੰਘ, ਜਸਪਾਲ ਸਿੰਘ ਖਹਿਰਾ, ਪਰਮਜੀਤ ਸਿੰਘ ਸਮਰਾ ਨੇ ਵੀ ਉਹਨਾਂ ਨੂੰ ਵਧਾਈ ਪੇਸ਼ ਕੀਤੀ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ : ਸੁਪਰਮਾਰਕੀਟ 'ਚ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਕਾਰਨ ਪਈ ਭਾਜੜ, 3 ਦੀ ਹਾਲਤ ਨਾਜ਼ੁਕ