ਯੂ. ਕੇ. : ਡਰਾਈਵਰਾਂ ਦੀ ਘਾਟ ਕਾਰਨ ਸਪਲਾਈ ਸਮੱਸਿਆਵਾਂ ਨਾਲ ਜੂਝ ਰਹੀ ਹੈ ਆਈਕੀਆ ਸਟੋਰ ਚੇਨ
Monday, Sep 06, 2021 - 04:21 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਦੇ ਜ਼ਿਆਦਾਤਰ ਕਾਰੋਬਾਰਾਂ ਵੱਲੋਂ ਹੁਣ ਵੱਡੇ ਪੱਧਰ ’ਤੇ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਨ੍ਹਾਂ ਕਰਮਚਾਰੀਆਂ ’ਚ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਡਰਾਈਵਰਾਂ ਦੀ ਘਾਟ ਵੀ ਸ਼ਾਮਲ ਹੈ। ਯੂ. ਕੇ. ’ਚ ਕੋਵਿਡ ਅਤੇ ਬ੍ਰੈਕਜ਼ਿਟ ਕਾਰਨ ਪੈਦਾ ਹੋਈ ਐੱਚ. ਜੀ. ਵੀ. ਡਰਾਈਵਰਾਂ ਦੀ ਘਾਟ ਕਾਰਨ ਕਈ ਵੱਡੀਆਂ ਸੁਪਰ ਮਾਰਕੀਟਾਂ, ਸਟੋਰ ਚੇਨਾਂ ਸਪਲਾਈ ਨਾਲ ਜੁੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ। ਇਨ੍ਹਾਂ ’ਚੋਂ ਫਰਨੀਚਰ ਪ੍ਰਮੁੱਖ ਸਟੋਰ ਚੇਨ ਆਈਕੀਆ ਵੀ ਡਰਾਈਵਰਾਂ ਦੀ ਘਾਟ ਕਰਾਨ ਸਪਲਾਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ।
ਇਸ ਸਟੋਰ ਚੇਨ ਨੂੰ ਆਪਣੇ ਸਟੋਰਾਂ ’ਚ ਤਕਰੀਬਨ 1000 ਦੇ ਕਰੀਬ ਉਤਪਾਦਾਂ ਦੀ ਸਪਲਾਈ ਕਰਨ ’ਚ ਸਮੱਸਿਆਵਾਂ ਆ ਰਹੀਆਂ ਹਨ। ਆਈਕੀਆ ਅਨੁਸਾਰ ਇਸ ਦੇ ਯੂ. ਕੇ. ਅਤੇ ਆਇਰਲੈਂਡ ਦੇ ਸਾਰੇ 22 ਸਟੋਰਾਂ ਨੂੰ ਸਪਲਾਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਕਾਰਨ ਇਸ ਦੇ 10 ਫੀਸਦੀ ਸਟਾਕ ਪ੍ਰਭਾਵਿਤ ਹੋਏ ਹਨ। ਆਈਕੀਆ ਅਨੁਸਾਰ ਸਾਮਾਨ ਦੀ ਸਪਲਾਈ ਦੀ ਘਾਟ ਕਾਰਨ ਗਾਹਕਾਂ ਨੂੰ ਵੀ ਸਮੱਸਿਆਵਾਂ ਹੋ ਰਹੀਆਂ ਹਨ ਤੇ ਇਸ ਲਈ ਆਈਕੀਆ ਨੇ ਮੁਆਫੀ ਮੰਗਦਿਆਂ ਆਉਣ ਵਾਲੇ ਮਹੀਨਿਆਂ ’ਚ ਸਥਿਤੀ ਵਿਚ ਸੁਧਾਰ ਹੋਣ ਦੀ ਉਮੀਦ ਕੀਤੀ ਹੈ।