ਯੂ. ਕੇ. : ਇੰਗਲੈਂਡ ਦੇ 40 ਫੀਸਦੀ ਖੇਤਰ ’ਚ ਫੈਲਿਆ ਕੋਰੋਨਾ ਵਾਇਰਸ ਦਾ ਭਾਰਤੀ ਰੂਪ

Wednesday, May 19, 2021 - 11:56 AM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਇੰਗਲੈਂਡ ’ਚ ਸਰਕਾਰ ਵੱਲੋਂ ਕੌਮੀ ਪੱਧਰ ’ਤੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਦਰਜ ਕਰਨ ਤੋਂ ਬਾਅਦ ਤਾਲਾਬੰਦੀ ’ਚ ਢਿੱਲਾਂ ਦਿੱਤੀਆਂ ਗਈਆਂ ਹਨ ਪਰ ਦੇਸ਼ ਦੇ ਕਈ ਹਿੱਸਿਆਂ ’ਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਸਾਹਮਣੇ ਆ ਰਹੇ ਮਾਮਲੇ ਪ੍ਰਸ਼ਾਸਨ ਲਈ ਸਿਰਦਰਦ ਬਣ ਰਹੇ ਹਨ। ਵਾਇਰਸ ਸਬੰਧੀ ਅੰਕੜਿਆਂ ਦੇ ਅਨੁਸਾਰ ਸਭ ਤੋਂ ਪਹਿਲਾਂ ਭਾਰਤ ’ਚ ਪਛਾਣਿਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਹੁਣ ਇੰਗਲੈਂਡ ਦੇ ਤਕਰੀਬਨ 40 ਫੀਸਦੀ ਖੇਤਰਾਂ ’ਚ ਸਾਹਮਣੇ ਆਇਆ ਹੈ। ਭਾਰਤੀ ਕੋਰੋਨਾ ਵਾਇਰਸ ਦਾ ਇਹ ਪਰਿਵਰਤਨਸ਼ੀਲ ਰੂਪ, ਜੋ ਵਧੇਰੇ ਛੂਤਕਾਰੀ ਮੰਨਿਆ ਗਿਆ ਹੈ, 8 ਮਈ ਤੱਕ ਦੇ ਹਫ਼ਤੇ ’ਚ 127 ਖੇਤਰਾਂ ’ਚ ਪਾਇਆ ਗਿਆ। ਇੰਗਲੈਂਡ ’ਚ 3 ਅਪ੍ਰੈਲ ਨੂੰ ਖ਼ਤਮ ਹੋਣ ਵਾਲੇ ਹਫਤੇ ਵਿੱਚ ਇਹ ਵਾਇਰਸ ਸਿਰਫ ਇੱਕ ਸਥਾਨਕ ਅਥਾਰਟੀ ਵਿੱਚ ਪਛਾਣਿਆ ਗਿਆ ਸੀ ਪਰ ਅਪ੍ਰੈਲ ਦੇ ਅੱਧ ਤੱਕ ਇਹ 26 ਸਥਾਨਕ ਅਥਾਰਟੀਆਂ ’ਚ ਫੈਲ ਗਿਆ ਸੀ, ਜਦਕਿ ਤਾਜ਼ਾ ਅੰਕੜਿਆਂ ਅਨੁਸਾਰ ਇਸ ਭਾਰਤੀ ਵਾਇਰਸ ਦੇ ਹੁਣ 19.6 ਫੀਸਦੀ ਕੇਸ ਦਰਜ ਹੋਏ ਹਨ।

ਹਾਲਾਂਕਿ ਇਸ ਵੇਲੇ ਯੂ. ਕੇ. ਦੇ ਪ੍ਰਭਾਵਸ਼ਾਲੀ ਵਾਇਰਸ ਦੇ ਕੇਸਾਂ ’ਚ ਗਿਰਾਵਟ ਆ ਰਹੀ ਹੈ। ਸਿਹਤ ਮਾਹਿਰਾਂ ਅਨੁਸਾਰ ਇਹ ਬੀ 1617.2 ਵਾਇਰਸ ਦਾ ਰੂਪ ਇੰਨੀ ਤੇਜ਼ੀ ਨਾਲ ਫੈਲ ਸਕਦਾ ਹੈ ਕਿ ਇਹ ਟੀਕੇ ਦੇ ਰੋਲਆਊਟ ਅਤੇ ਹਸਪਤਾਲਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਬਹੁਤੀਆਂ ਥਾਵਾਂ ’ਤੇ ਅਜੇ ਵੀ ਭਾਰਤੀ ਰੂਪ ਦਾ ਕੇਸ ਦਰਜ ਨਹੀਂ ਕੀਤਾ ਗਿਆ ਹੈ ਪਰ ਅੰਕੜੇ ਦਰਸਾਉਂਦੇ ਹਨ ਕਿ ਇਹ ਬੀਮਾਰੀ ਫੈਲ ਰਹੀ ਹੈ। ਬੋਲਟਨ ’ਚ ਇਸਦੇ ਵਿਸ਼ਲੇਸ਼ਣ ਕੀਤੇ ਗਏ ਮਾਮਲਿਆਂ ’ਚ 81.4 ਫੀਸਦੀ ਮਾਮਲੇ ਸਾਹਮਣੇ ਆਏ ਹਨ, ਜਦਕਿ 22 ਹੋਰ ਸਥਾਨਕ ਖੇਤਰਾਂ ’ਚ ਇਹ ਪ੍ਰਭਾਵਸ਼ਾਲੀ ਰੂਪ ਬਣ ਗਿਆ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਭਾਰਤੀ ਰੂਪ ਦੇ 2323 ਪੁਸ਼ਟੀ ਕੀਤੇ ਗਏ ਮਾਮਲੇ ਸਾਹਮਣੇ ਆਏ ਹਨ, ਜੋ 10 ਦਿਨ ਪਹਿਲਾਂ ਨਾਲੋਂ 520 ਗੁਣਾ ਵੱਧ ਹਨ। ਇੰਗਲੈਂਡ ਦੇ ਕਈ ਖੇਤਰ ਜਿਵੇਂ ਕਿ ਬੋਲਟਨ, ਬਲੈਕਬਰਨ, ਬੈੱਡਫੋਰਡ, ਸੇਫਟਨ, ਹਾਰਟ, ਓਡਬੀ ਅਤੇ ਵਿਗਸਟਨ, ਸਾਊਥ ਨੌਰਥੰਪਟਨਸ਼ਾਇਰ, ਸਟੀਵਨੇਜ, ਕ੍ਰਾਈਡਨ, ਕੈਂਟਰਬਰੀ, ਚੇਲਮਸਫੋਰਡ, ਹੰਸਲੋ ਦੇ ਨਾਲ ਕਈ ਹੋਰ ਇਲਾਕੇ ਵੀ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਤੋਂ ਪ੍ਰਭਾਵਿਤ ਹਨ।


Manoj

Content Editor

Related News