ਬ੍ਰਿਟੇਨ ''ਚ ਪਹਿਲੀ ਵਾਰ ਗਰਭ ''ਚ ਪਲ ਰਹੇ ਬੱਚਿਆਂ ਦੀ ਹੋਈ ਸਪਾਈਨਲ ਸਰਜਰੀ
Friday, Oct 26, 2018 - 01:01 PM (IST)
ਲੰਡਨ,(ਏਜੰਸੀ)— ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਜਨਮ ਤੋਂ ਪਹਿਲਾਂ ਦੋ ਬੱਚਿਆਂ ਦੀ ਸਪਾਈਨਲ ਸਰਜਰੀ ਕੀਤੀ ਗਈ। ਬ੍ਰਿਟੇਨ 'ਚ ਇਸ ਤਰ੍ਹਾਂ ਦੇ ਆਪ੍ਰੇਸ਼ਨ ਦਾ ਇਹ ਪਹਿਲਾ ਮਾਮਲਾ ਹੈ। 'ਸਪਾਈਨਾ ਬਾਇਫਿਡਾ' ਨਾਂ ਦੀ ਬੀਮਾਰੀ ਵਜੋਂ ਜਾਣੀ ਜਾਂਦੀ ਇਹ ਬੀਮਾਰੀ ਬਹੁਤ ਖਤਰਨਾਕ ਹੁੰਦੀ ਹੈ। ਲੰਡਨ ਯੂਨੀਵਰਸਿਟੀ ਕਾਲਜ ਦੇ ਹਸਪਤਾਲ ਦੀ 30 ਡਾਕਟਰਾਂ ਦੀ ਟੀਮ ਨੇ ਇਸ ਦਾ ਸਫਲ ਆਪ੍ਰੇਸ਼ਨ ਕੀਤਾ, ਜੋ ਲਗਭਗ 90 ਮਿੰਟਾਂ ਤਕ ਚੱਲਿਆ । 'ਸਪਾਈਨਾ ਬਾਇਫਿਡਾ' ਅਜਿਹੀ ਸਥਿਤੀ ਹੈ, ਜਦ ਗਰਭ ਅਵਸਥਾ ਦੌਰਾਨ ਬੱਚੇ ਦੀ ਰੀੜ੍ਹ ਦੀ ਹੱਡੀ ਸਹੀ ਤਰੀਕੇ ਨਾਲ ਵਿਕਸਿਤ ਨਹੀਂ ਹੁੰਦੀ। ਰੀੜ੍ਹ ਦੀ ਹੱਡੀ 'ਚ ਗੈਪ (ਦੂਰੀ) ਪੈ ਜਾਣ ਕਾਰਨ ਅਜਿਹਾ ਹੁੰਦਾ ਹੈ। ਜਨਮ ਮਗਰੋਂ ਬੱਚੇ ਨੂੰ ਤੁਰਨ-ਫਿਰਨ ਅਤੇ ਸਿੱਧੇ ਖੜ੍ਹੇ ਹੋਣ 'ਚ ਪ੍ਰੇਸ਼ਾਨੀ ਹੁੰਦੀ ਹੈ। ਇਸ ਕਾਰਨ ਬੱਚਾ ਦਿਮਾਗੀ ਤੌਰ 'ਤੇ ਵੀ ਕਮਜ਼ੋਰ ਹੋ ਸਕਦਾ ਹੈ। ਵਧੇਰੇ ਕਰਕੇ ਬੱਚਿਆਂ ਦੇ ਜਨਮ ਮਗਰੋਂ ਹੀ ਇਸ ਬੀਮਾਰੀ ਦਾ ਆਪ੍ਰੇਸ਼ਨ ਕੀਤਾ ਜਾਂਦਾ ਹੈ। ਡਾਕਟਰਾਂ ਨੇ 'ਸਪਾਈਨਾ ਬਾਇਫਿਡਾ' ਨਾਲ ਜੂਝ ਰਹੇ ਦੋ ਬੱਚਿਆਂ ਦਾ ਸਫਲ ਆਪ੍ਰੇਸ਼ਨ ਕੀਤਾ ਹੈ,ਜਿਸ ਦੇ ਹਰ ਥਾਂ ਚਰਚੇ ਹੋ ਰਹੇ ਹਨ।
ਨਵੀਂ ਦਿੱਲੀ 'ਚ ਏਮਜ਼ ਦੇ ਨਿਊਰੋਸਰਜਰੀ ਹੈੱਡ ਡਾ. ਐੱਸ. ਐੱਸ. ਕਾਲੇ ਮੁਤਾਬਕ ਜੇਕਰ ਗਰਭਕਾਲ ਦੀ ਸ਼ੁਰੂਆਤ 'ਚ ਹੀ ਔਰਤਾਂ ਫਾਲਿਕ ਐਸਿਡ ਲੈਂਦੀਆਂ ਹਨ ਤਾਂ ਬੱਚੇ 'ਚ ਜਨਮ ਤੋਂ ਹੋਣ ਵਾਲੀਆਂ ਬੀਮਾਰੀਆਂ ਦਾ ਖਤਰਾ 50 ਫੀਸਦੀ ਤਕ ਘੱਟ ਹੋ ਜਾਂਦਾ ਹੈ। ਭਾਰਤ 'ਚ ਇਕ ਹਜ਼ਾਰ ਬੱਚਿਆਂ 'ਚੋਂ ਇਕ 'ਚ 'ਸਪਾਈਨਾ ਬਾਇਫਿਡਾ' ਦਾ ਮਾਮਲਾ ਦੇਖਿਆ ਗਿਆ ਹੈ।
ਲੰਡਨ 'ਚ ਹਰ ਸਾਲ 200 ਤੋਂ ਜ਼ਿਆਦਾ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ। ਹੁਣ ਤਕ ਲੰਡਨ 'ਚ ਇਸ ਬੀਮਾਰੀ ਦਾ ਆਪ੍ਰੇਸ਼ਨ ਨਹੀਂ ਹੁੰਦਾ ਸੀ। ਅਜਿਹੇ ਮਾਮਲਿਆਂ ਦੇ ਆਪ੍ਰੇਸ਼ਨ ਪਹਿਲਾਂ ਬੈਲਜੀਅਮ ਅਤੇ ਅਮਰੀਕਾ 'ਚ ਹੁੰਦੇ ਸਨ। ਲੰਡਨ 'ਚ ਪਿਛਲੇ 3 ਸਾਲਾਂ ਤੋਂ ਇਸ ਬੀਮਾਰੀ ਨਾਲ ਜੂਝ ਰਹੇ ਬੱਚਿਆਂ ਦਾ ਆਪ੍ਰੇਸ਼ਨ ਕੀਤਾ ਜਾਂਦਾ ਹੈ। 3 ਸਾਲਾਂ ਤੋਂ ਇਸ ਤਕਨੀਕ 'ਤੇ ਕੰਮ ਕਰ ਰਹੀ ਯੂਨੀਵਰਸਿਟੀ ਕਾਲਜ ਲੰਡਨ ਦੀ ਪ੍ਰੋਫੈਸਰ ਐਨੀ ਡੇਵਿਡ ਮੁਤਾਬਕ ਅਜਿਹੇ ਮਾਮਲੇ ਸਾਹਮਣੇ ਆਉਣ 'ਤੇ ਪਹਿਲਾਂ ਗਰਭਵਤੀ ਔਰਤ ਨੂੰ ਇਲਾਜ ਲਈ ਦੂਜੇ ਦੇਸ਼ਾਂ 'ਚ ਜਾਣਾ ਪੈਂਦਾ ਸੀ ਪਰ ਹੁਣ ਇਸ ਦਾ ਇਲਾਜ ਇੱਥੇ ਵੀ ਹੋਣ ਲੱਗਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਚ ਜਾਵੇਗਾ।
