ਹਾਂਗਕਾਂਗ ਦੀਆਂ ਦੋ ਹੋਰ ਯੂਨੀਵਰਸਿਟੀਆਂ ਨੇ ਤਿਏਨ ਆਨ ਮੇਨ ਸਮਾਰਕ ਨੂੰ ਹਟਾਇਆ
Friday, Dec 24, 2021 - 04:24 PM (IST)
ਹਾਂਗਕਾਂਗ (ਯੂ.ਐੱਨ.ਆਈ.): ਹਾਂਗਕਾਂਗ ਦੀਆਂ ਦੋ ਯੂਨੀਵਰਸਿਟੀਆਂ ਨੇ ਸ਼ੁੱਕਰਵਾਰ ਨੂੰ 1989 ਦੇ ਤਿਏਨ ਆਨ ਮੇਨ ਸਕੁਏਅਰ ਕਤਲੇਆਮ ਦੀ ਯਾਦ ਵਿਚ ਬਣਾਏ ਗਏ ਸਮਾਰਕਾਂ ਨੂੰ ਹਟਾ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਹਾਂਗਕਾਂਗ ਦੀ ਯੂਨੀਵਰਸਿਟੀ ਨੇ 24 ਸਾਲ ਪੁਰਾਣੇ ਬੁੱਤ ਨੂੰ ਹਟਾ ਦਿੱਤਾ ਸੀ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਜਿੱਥੇ ਹਾਂਗਕਾਂਗ ਦੀ ਚੀਨੀ ਯੂਨੀਵਰਸਿਟੀ ਨੇ 'ਗੌਡਸ ਆਫ ਡੈਮੋਕਰੇਸੀ' ਦੇ ਬੁੱਤ ਨੂੰ ਤੋੜ ਦਿੱਤਾ, ਉੱਥੇ ਲਿੰਗਾਨ ਯੂਨੀਵਰਸਿਟੀ ਨੇ ਇੱਕ ਬੁੱਤ ਨੂੰ ਹਟਾ ਦਿੱਤਾ। ਤਿੰਨਾਂ ਸਮਾਰਕਾਂ ਨੂੰ ਹਟਾਉਣ ਦਾ ਕਾਰਨ ਚੀਨ ਅਤੇ ਹਾਂਗਕਾਂਗ ਵਿਚਾਲੇ ਜਾਰੀ ਸਿਆਸੀ ਅਸੰਤੁਸ਼ਟੀ ਹੈ। ਹਾਲਾਂਕਿ ਹਾਂਗਕਾਂਗ ਦੀ ਚੀਨੀ ਯੂਨੀਵਰਸਿਟੀ ਨੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਕਿਹਾ ਹੈ ਕਿ ਇੱਕ ਅਣਅਧਿਕਾਰਤ ਸਮਾਰਕ ਨੂੰ ਹਟਾ ਦਿੱਤਾ ਗਿਆ ਹੈ।
ਯੂਨੀਵਰਸਿਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਨੀਵਰਸਿਟੀ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਆਪਣੇ ਕੈਂਪਸ 'ਚ ਬੁੱਤ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਅਤੇ ਨਾ ਹੀ ਕਿਸੇ ਸੰਸਥਾ ਨੇ ਇਸ ਦੇ ਰੱਖ-ਰਖਾਅ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਲਈ। ਇਸ ਦੌਰਾਨ ਲਿੰਗਾਨ ਯੂਨੀਵਰਸਿਟੀ ਨੇ ਕਿਹਾ ਕਿ ਯੂਨੀਵਰਸਿਟੀ ਨੇ ਹਾਲ ਹੀ 'ਚ ਕੰਪਲੈਕਸ ਵਿਚ ਮੌਜੂਦ ਉਹਨਾਂ ਚੀਜ਼ਾਂ ਦੀ ਸਮੀਖਿਆ ਕੀਤੀ, ਜਿਹਨਾਂ ਨਾਲ ਸੁਰੱਖਿਆ ਜਾਂ ਕਾਨੂੰਨੀ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ। ਯੂਨੀਵਰਸਿਟੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀਆਂ ਚੀਜ਼ਾਂ ਨੂੰ ਹਟਾਇਆ ਗਿਆ ਹੈ। ਇਸ ਤੋਂ ਪਹਿਲਾਂ, ਹਾਂਗਕਾਂਗ ਯੂਨੀਵਰਸਿਟੀ ਨੇ ਬੁੱਧਵਾਰ ਰਾਤ ਨੂੰ ਆਪਣੇ ਕੈਂਪਸ ਤੋਂ ਤਾਂਬੇ ਦੇ ਬਣੇ 26 ਫੁੱਟ ਉੱਚੇ 'ਪਿਲਰ ਆਫ ਸ਼ੇਮ' ਨੂੰ ਹਟਾ ਦਿੱਤਾ। ਇਸ ਕੰਮ ਨੂੰ ਪੂਰਾ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਪਲਾਸਟਿਕ ਦੀਆਂ ਫੋਇਲਾਂ ਨਾਲ ਖੇਤਰ ਨੂੰ ਢੱਕ ਦਿੱਤਾ ਤਾਂ ਜੋ ਬਾਹਰੋਂ ਕੋਈ ਵੀ ਇਸ ਵੱਲ ਧਿਆਨ ਨਾ ਦੇ ਸਕੇ।
ਪੜ੍ਹੋ ਇਹ ਅਹਿਮ ਖਬਰ -ਬੰਗਲਾਦੇਸ਼ : ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 39 ਲੋਕਾਂ ਦੀ ਮੌਤ ਤੇ 200 ਤੋਂ ਵੱਧ ਜ਼ਖਮੀ
ਗੌਰਤਲਬ ਹੈ ਕਿ ਇਹ ਸਮਾਰਕ 4 ਜੂਨ, 1989 ਨੂੰ ਬੀਜਿੰਗ ਦੇ ਤਿਏਨ ਆਨ ਮੇਨ ਸਕੁਏਅਰ 'ਤੇ ਚੀਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਯਾਦ 'ਚ ਬਣਾਇਆ ਗਿਆ ਸੀ। ਹਜ਼ਾਰਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਫ਼ੌਜ ਨੇ ਤਾਕਤ ਦੀ ਵਰਤੋਂ ਕੀਤੀ, ਜਿਨ੍ਹਾਂ ਦੀ ਇਸ ਦੌਰਾਨ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ ਯੂਨੀਵਰਸਿਟੀ ਨੇ ਤਿਏਨ ਆਨ ਮੇਨ ਕਤਲੇਆਮ ਦੀ ਯਾਦ 'ਚ ਬਣਿਆ ਥੰਮ੍ਹ ਹਟਾਇਆ