ਕੈਨੇਡਾ ''ਚ ਪੰਜਾਬੀਆਂ ਨੇ ਡੋਲ੍ਹਿਆ ਸੀ ਪੰਜਾਬੀ ਨੌਜਵਾਨ ਦਾ ਖੂਨ, 13 ਸਾਲਾਂ ਬਾਅਦ ਮਿਲੇਗਾ ਇਨਸਾਫ

Tuesday, Mar 07, 2017 - 06:01 PM (IST)

ਕੈਨੇਡਾ ''ਚ ਪੰਜਾਬੀਆਂ ਨੇ ਡੋਲ੍ਹਿਆ ਸੀ ਪੰਜਾਬੀ ਨੌਜਵਾਨ ਦਾ ਖੂਨ, 13 ਸਾਲਾਂ ਬਾਅਦ ਮਿਲੇਗਾ ਇਨਸਾਫ
ਵੈਨਕੂਵਰ— ਕਹਿੰਦੇ ਨੇ ਪਰਦੇਸਾਂ ਵਿਚ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦਾ ਹੀ ਸਹਾਰਾ ਹੁੰਦਾ ਹੈ ਪਰ ਜਦੋਂ ਕਈ ਇਹ ਲੋਕ ਹੀ ਇਕ-ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ ਤਾਂ ਅਪਰਾਧ ਦੀ ਅਜਿਹੀ ਦਾਸਤਾਨ ਲਿਖੀ ਜਾਂਦੀ ਹੈ, ਜਿਸ ਨਾਲ ਵਿਦੇਸ਼ ਕੀ ਦੇਸ਼ ਵਿਚ ਬੈਠੇ ਲੋਕ ਵੀ ਕੰਬ ਜਾਂਦੇ ਹਨ। ਅਜਿਹੇ ਇਕ ਮਾਮਲੇ ਵਿਚ ਸੜਕ ''ਤੇ ਮਾਮੂਲੀ ਜਿਹੇ ਝਗੜੇ ਤੋਂ ਬਾਅਦ ਦੋ ਪੰਜਾਬੀ ਨੌਜਵਾਨਾਂ ਨੇ ਅਮਨਦੀਪ ਬਾਠ ਨਾਮੀ ਨੌਜਵਾਨ ਨੂੰ ਸਾਲ 2004 ਵਿਚ ਮੌਤ ਦੇ ਘਾਟ ਉਤਾਰ ਦਿੱਤਾ ਸੀ। 13 ਸਾਲਾਂ ਬਾਅਦ ਇਸ ਮਾਮਲੇ ਵਿਚ ਇਨਸਾਫ ਹੋਣ ਜਾ ਰਿਹਾ ਹੈ ਅਤੇ ਦੋਸ਼ੀ ਨੌਜਵਾਨਾਂ ਪਰਮਿੰਦਰ ਸਿੰਘ ਬਸਰਾਂ ਅਤੇ ਭਬਜੀਤ ਸਿੰਘ ਔਜਲਾ ਦੇ ਖਿਲਾਫ ਦੋਸ਼ ਤੈਅ ਕੀਤੇ ਗਏ ਹਨ। ਪਰਮਿੰਦਰ ਸਿੰਘ ''ਤੇ ਇਸ ਮਾਮਲੇ ਵਿਚ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ ਅਤੇ ਉਸ ਦੇ ਸਾਥੀ ਔਜਲਾ ''ਤੇ ਇਸ ਕਤਲ ਵਿਚ ਉਸ ਦਾ ਸਾਥ ਦੇਣ ਅਤੇ ਧਮਕਾਉਣ ਦੇ ਦੋਸ਼ ਲਗਾਏ ਗਏ ਹਨ। 13 ਅਪ੍ਰੈਲ ਨੂੰ ਨਿਊ ਵੈਸਮਿੰਸਟਰ ਕੋਰਟ ਵਿਚ ਇਨ੍ਹਾਂ ਦੋਹਾਂ ਨੂੰ ਸਜ਼ਾ ਸੁਣਾਈ ਜਾਵੇਗੀ। 
ਅਮਨਦੀਪ ਦੇ ਪਰਿਵਾਰ ਨੇ ਇਸ ਫੈਸਲੇ ''ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ 13 ਸਾਲਾਂ ਬਾਅਦ ਹੀ ਸਹੀ ਪਰ ਇਸ ਮਾਮਲੇ ਵਿਚ ਇਨਸਾਫ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਕੋਲਡ ਕੇਸ ਟੀਮ ਵੱਲੋਂ ਹੱਲ ਕੀਤਾ ਗਿਆ ਪਹਿਲਾ ਮਾਮਲਾ ਹੈ। 13 ਸਾਲਾਂ ਤੱਕ ਦੋਵੇਂ ਦੋਸ਼ੀ ਆਪਣੇ-ਆਪ ਨੂੰ ਇਸ ਮਾਮਲੇ ਵਿਚ ਨਿਰਦੋਸ਼ ਦੱਸ ਰਹੇ ਸਨ ਪਰ ਕੋਲਡ ਕੇਸ ਟੀਮ ਨੇ ਉਨ੍ਹਾਂ ਦੋਹਾਂ ਦੋਸ਼ੀਆਂ ਖਿਲਾਫ ਸਬੂਤ ਇਕੱਠੇ ਕਰਕੇ ਉਨ੍ਹਾਂ ਦਾ ਅਪਰਾਧੀ ਚਿਹਰਾ ਨੰਗਾ ਕਰ ਦਿੱਤਾ। ਜ਼ਿਕਰਯੋਗ ਹੈ ਕਿ 23 ਸਤੰਬਰ, 2004 ਨੂੰ ਅਮਨਦੀਪ ਦਾ ਦੋਹਾਂ ਦੋਸ਼ੀਆਂ ਨਾਲ ਸੜਕ ''ਤੇ ਸਾਹਮਣਾ ਹੋ ਗਿਆ ਸੀ। ਤਿੰਨਾਂ ਵਿਚਕਾਰ ਮਾਮੂਲੀ ਜਿਹਾ ਝਗੜਾ ਹੋਇਆ ਅਤੇ ਅਮਨਦੀਪ ਨੇ ਪੁਲਸ ਨੂੰ 911 ''ਤੇ ਕਾਲ ਕਰ ਦਿੱਤੀ। ਦੋਹਾਂ ਦੋਸ਼ੀਆਂ ਨੇ ਅਮਨਦੀਪ ਦਾ ਪਿੱਛਾ ਕੀਤਾ ਅਤੇ ਉਸ ਦੇ ਗੋਲੀ ਮਾਰ ਦਿੱਤੀ। ਇੰਨੇਂ ਨੂੰ ਪੁਲਸ ਵੀ ਮੌਕੇ ''ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਇਨ੍ਹਾਂ ਦੋਹਾਂ ਦੋਸ਼ੀਆਂ ''ਚੋਂ ਇਕ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਜਦੋਂ ਕਿ ਦੂਜੇ ਨੂੰ ਕੁਝ ਦਿਨਾਂ ਬਾਅਦ ਗ੍ਰਿਫਤਾਰ ਕੀਤਾ ਗਿਆ। ਮਾਮਲੇ ਵਿਚ ਇਨਸਾਫ ਹੋਣ ਦੀ ਉਮੀਦ ਵਿਚ ਅਮਨਦੀਪ ਦੇ ਪਰਿਵਾਰ ਨੇ ਕਿਹਾ ਕਿ ਉਸ ਦੀ ਮੌਤ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਹੈ। ਉਸ ਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ ਸੀ, ਜੋ ਉਸ ਨੂੰ ਇਸ ਤਰ੍ਹਾਂ ਦੀ ਮੌਤ ਮਿਲੀ ਪਰ ਹੁਣ ਉਨ੍ਹਾਂ ਨੂੰ ਸੰਤੁਸ਼ਟੀ ਹੈ ਕਿ ਉਹ ਅਮਨਦੀਪ ਦੇ ਕਾਤਲਾਂ ਨੂੰ ਸਜ਼ਾ ਮਿਲਦੇ ਹੋਏ ਦੇਖਣਗੇ।

author

Kulvinder Mahi

News Editor

Related News