ਜਦੋਂ ਤੁਰਦੇ-ਤੁਰਦੇ ਅਚਾਨਕ ਜ਼ਮੀਨ ''ਚ ਧੱਸ ਗਈਆਂ ਦੋ ਔਰਤਾਂ, ਵੀਡੀਓ ਵਾਇਰਲ

10/26/2018 2:56:18 PM

ਅੰਕਾਰਾ (ਬਿਊਰੋ)— ਤੁਰਕੀ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਸੜਕ 'ਤੇ ਚੱਲ ਰਹੀਆਂ ਦੋ ਔਰਤਾਂ ਅਚਾਨਕ ਜ਼ਮੀਨ ਵਿਚ ਧੱਸ ਗਈਆਂ। ਔਰਤਾਂ ਨਾਲ ਹੋਏ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਇਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਵਾਪਰਿਆ। ਔਰਤਾਂ ਦੀ ਪਛਾਣ ਡਾਕਟਰ ਸੁਜਨ ਕੁਡੈ ਬਾਲਿਕ ਅਤੇ ਨਰਸ ਓਜਲੇਮ ਡੁਏਮਜ ਦੇ ਰੂਪ ਵਿਚ ਹੋਈ ਹੈ।

ਤੁਰਕੀ ਦੇ ਦੀਆਰਬਾਕਿਰ ਵਿਚ ਦੋ ਔਰਤਾਂ ਨਾਲ ਇਕ ਵੱਡਾ ਹਾਦਸਾ ਵਾਪਰਿਆ। ਦੋ ਔਰਤਾਂ ਸੜਕ ਕਿਨਾਰੇ ਚੱਲ ਰਹੀਆਂ ਸਨ। ਜਦੋਂ ਸੜਕ ਦਾ ਉਹੀ ਹਿੱਸਾ ਟੁੱਟ ਕੇ ਜ਼ਮੀਨ ਵਿਚ ਧੱਸ ਗਿਆ ਅਤੇ ਔਰਤਾਂ ਹੇਠਾਂ ਡਿੱਗ ਪਈਆਂ। ਵਾਇਰਲ ਹੋ ਰਹੇ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਔਰਤਾਂ ਸੜਕ ਕਿਨਾਰੇ ਪੈਦਲ ਚੱਲ ਰਹੀਆਂ ਸਨ। ਦੋਵੇਂ ਗੱਲ ਕਰਨ ਲਈ ਰੁੱਕ ਜਾਂਦੀਆਂ ਹਨ। ਉਹ ਹਾਲੇ ਗੱਲ ਹੀ ਕਰ ਰਹੀਆਂ ਹੁੰਦੀਆਂ ਹਨ ਕਿ ਜ਼ਮੀਨ ਅੰਦਰ ਧੱਸ ਜਾਂਦੀ ਹੈ। ਹਾਦਸੇ ਮਗਰੋਂ ਉੱਥੇ ਮੌਜੂਦ ਲੋਕ ਉਨ੍ਹਾਂ ਦੀ ਮਦਦ ਲਈ ਪਹੁੰਚਦੇ ਹਨ। 

 

ਲੋਕਾਂ ਨੇ ਦੋਹਾਂ ਔਰਤਾਂ ਨੂੰ ਮਲਬੇ ਵਿਚੋਂ ਕੱਢਿਆ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਖਬਰਾਂ ਮੁਤਾਬਕ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਮਗਰੋਂ ਪੁਲਸ ਨੇ ਪੂਰੇ ਖੇਤਰ ਨੂੰ ਸੀਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪੂਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਵਿਚ ਕੈਦ ਹੋ ਗਈ ਸੀ।


Related News