ਮਸਕ ’ਤੇ ਭਾਰੀ ਪਏ ਟਰੰਪ, ਇਕ ਦਿਨ ’ਚ ਹੋਇਆ 3 ਲੱਖ ਕਰੋੜ ਰੁਪਏ ਦਾ ਨੁਕਸਾਨ
Saturday, Jun 07, 2025 - 01:01 AM (IST)
 
            
            ਇੰਟਕ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੈਸਲਾ ਮੁਖੀ ਐਲਨ ਮਸਕ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ ਐਲਨ ਮਸਕ ਦੀ ਦੌਲਤ ਸਿਰਫ 24 ਘੰਟਿਆਂ ਵਿਚ ਲਗਭਗ 3 ਲੱਖ ਕਰੋੜ ਰੁਪਏ ਘੱਟ ਗਈ। ਖਾਸ ਗੱਲ ਇਹ ਹੈ ਕਿ ਇਹ ਅੰਕੜਾ ਪਾਕਿਸਤਾਨ ਦੇ ਵਿੱਤੀ ਸਾਲ 2025-26 ਲਈ ਮਨਜ਼ੂਰ ਕੀਤੇ ਗਏ ਕੁੱਲ ਬਜਟ ਤੋਂ ਵੱਧ ਹੈ।
ਦਰਅਸਲ, ਜਦੋਂ ਟਰੰਪ ਨੇ ਨਵੇਂ ਟੈਕਸ ਬਿੱਲ ’ਤੇ ਮਸਕ ਨੂੰ ਨਿਸ਼ਾਨਾ ਬਣਾਇਆ ਤਾਂ ਮਸਕ ਨੇ ਵੀ ਟਰੰਪ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਇਸ ਦੌਰਾਨ ਟੈਸਲਾ ਦੇ ਸ਼ੇਅਰ ਡਿੱਗ ਗਏ ਅਤੇ ਮਸਕ ਨੂੰ ਭਾਰੀ ਨੁਕਸਾਨ ਹੋਇਆ।
ਟਰੰਪ ਦੇ ਟੈਕਸ ਬਿੱਲ ਨੂੰ ਲੈ ਕੇ ਸਬੰਧ ਵਿਗੜ ਗਏ
ਇਸ ਮਾਮਲੇ ਤੋਂ ਜਾਣੂ ਦੋ ਵ੍ਹਾਈਟ ਹਾਊਸ ਅਧਿਕਾਰੀਆਂ ਨੇ ਰਾਇਟਰਜ਼ ਨੂੰ ਦੱਸਿਆ ਕਿ ਟਰੰਪ ਵੱਧਦੇ ਟੈਕਸਾਂ ਅਤੇ ਖਰਚਿਆਂ ਦੀ ਮਸਕ ਦੀ ਆਲੋਚਨਾ ਤੋਂ ਨਿਰਾਸ਼ ਦਿਖਾਈ ਦੇ ਰਹੇ ਸਨ, ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਰੋਕਿਆ ਕਿਉਂਕਿ ਉਹ ਅਗਲੀਆਂ ਮੱਧਕਾਲੀ ਚੋਣਾਂ ਲਈ ਮਸਕ ਦੀ ਰਾਜਨੀਤਿਕ ਅਤੇ ਵਿੱਤੀ ਸਹਾਇਤਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਸਨ।
ਰਿਪੋਰਟ ਅਨੁਸਾਰ ਵੀਰਵਾਰ ਦੁਪਹਿਰ ਤਕ ਟਰੰਪ ਦਾ ਮੂਡ ਬਦਲ ਗਿਆ ਸੀ। ਟਰੰਪ ਟੈਸਲਾ ਦੇ ਸੀ. ਈ. ਓ. ਵਲੋ ਸੋਸ਼ਲ ਮੀਡੀਆ ਪਲੇਟਫਾਰਮ ਮਸਕ ’ਤੇ ਪੋਸਟ ਕੀਤੇ ਗਏ ਬਿਆਨਾਂ ਤੋਂ ਬਹੁਤ ਬੇਚੈਨ ਸਨ। ਮਸਕ ਨੇ ਟਰੰਪ ਦੇ ਟੈਕਸ ਬਿੱਲ ਨੂੰ ਜਲਦਬਾਜ਼ੀ ਵਾਲਾ ਅਤੇ ਮਾਲੀਏ ਦੇ ਮਾਮਲੇ ਵਿਚ ‘ਬੇਹੱਦ ਘਿਣਾਉਣਾ’ ਕਿਹਾ ਸੀ
ਮਸਕ ਨੇ ਹਰ ਉਸ ਰਿਪਬਲਿਕਨ ਸੰਸਦ ਮੈਂਬਰ ਦਾ ਵਿਰੋਧ ਕਰਨ ਦਾ ਪ੍ਰਣ ਲਿਆ ਹੈ, ਜੋ ਇਸ ਬਿੱਲ ਦਾ ਸਮਰਥਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਬਿੱਲ ਟਰੰਪ ਦੀਆਂ ਬਹੁਤ ਸਾਰੀਆਂ ਤਰਜੀਹਾਂ ਨੂੰ ਪੂਰਾ ਕਰੇਗਾ।
ਹਾਲਾਂਕਿ ਸੰਸਦੀ ਬਜਟ ਦਫਤਰ ਅਨੁਸਾਰ ਇਹ ਅਮਰੀਕੀ ਜਨਤਕ ਕਰਜ਼ੇ ਨੂੰ 2.4-3.2 ਟ੍ਰਿਲੀਅਨ ਡਾਲਰ ਵਧਾ ਦੇਵੇਗਾ। ਨਿੱਜੀ ਤੌਰ ’ਤੇ ਡੋਨਾਲਡ ਟਰੰਪ ਨੇ ਮਸਕ ਨੂੰ ਅਸਥਿਰ ਕਿਹਾ ਹੈ। ਉਨ੍ਹਾਂ ਨੇ ਆਪਣੀ ਟੀਮ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਤਿਕਾਰ ਦੀ ਚਿੰਤਾ ਕੀਤੇ ਬਿਨਾਂ ਜਵਾਬ ਦਿੱਤਾ ਜਾਵੇ।
ਸਰਕਾਰੀ ਸਬਸਿਡੀ ਖਤਮ ਕਰਨਾ ਵੀ ਇਕ ਮੁੱਦਾ ਸੀ
ਇਸ ਤੋਂ ਇਲਾਵਾ ਡੋਨਾਲਡ ਟਰੰਪ ਨੇ ਜੋਅ ਬਾਈਡੇਨ ਵਲੋਂ ਲਿਆਂਦੀ ਗਈ ਇਲੈਕਟ੍ਰਾਨਿਕ ਵਾਹਨ ਲਾਜ਼ਮੀ ਨੀਤੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਐਲਨ ਮਸਕ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਇਸ ਨਾਰਾਜ਼ਗੀ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ।
ਰਿਪੋਰਟ ਅਨੁਸਾਰ ਟਰੰਪ ਅਤੇ ਮਸਕ ਦੇ ਰਿਸ਼ਤੇ ਹੋਰ ਵੀ ਵਿਗੜ ਗਏ, ਜਦੋਂ ਅਮਰੀਕੀ ਰਾਸ਼ਟਰਪਤੀ ਨੇ ਐਲਨ ਦੀਆਂ ਸਰਕਾਰੀ ਸਬਸਿਡੀਆਂ ਅਤੇ ਇਕਰਾਰਨਾਮੇ ਖਤਮ ਕਰਨ ਦੀ ਧਮਕੀ ਦਿੱਤੀ। ਮਸਕ ਨੇ ਟਰੰਪ ਨੂੰ ਇਕ ਟਵੀਟ ਨਾਲ ਜਵਾਬ ਦਿੱਤਾ ਕਿ ਇਹ ਬਹੁਤ ਹੀ ਬੇਇਨਸਾਫ਼ੀ ਹੈ ਕਿ ਤੇਲ ਅਤੇ ਗੈਸ ਸਬਸਿਡੀਆਂ ਨੂੰ ਬਿੱਲ ਤੋਂ ਬਾਹਰ ਰੱਖਿਆ ਗਿਆ ਹੈ।
ਇਸ ਤੋਂ ਬਾਅਦ ਕੀਤੇ ਗਏ ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਇਹ ਬਿੱਲ ਮੈਨੂੰ ਇਕ ਵਾਰ ਵੀ ਨਹੀਂ ਦਿਖਾਇਆ ਗਿਆ ਅਤੇ ਰਾਤ ਦੇ ਹਨੇਰੇ ਵਿਚ ਇੰਨੀ ਜਲਦੀ ਪਾਸ ਕਰ ਦਿੱਤਾ ਗਿਆ ਕਿ ਕਾਂਗਰਸ ਵਿਚ ਲਗਭਗ ਕੋਈ ਵੀ ਇਸਨੂੰ ਪੜ੍ਹ ਵੀ ਨਹੀਂ ਸਕਿਆ।
 

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            