ਟਰੰਪ ਨੇ ਭਾਰਤ ਨਾਲ ਕੀਤਾ ਸਮਝੌਤਾ! ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਵਾਲੇ ਬਿੱਲ ''ਤੇ ਕੀਤੇ ਦਸਤਖ਼ਤ
Friday, Dec 19, 2025 - 02:40 PM (IST)
ਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਸਾਲਾਨਾ ਰੱਖਿਆ ਨੀਤੀ ਬਿੱਲ 'ਤੇ ਦਸਤਖ਼ਤ ਕੀਤੇ ਹਨ, ਜਿਸ 'ਚ ਭਾਰਤ ਨਾਲ ਅਮਰੀਕਾ ਦੀ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਬਿੱਲ ਦਾ ਮੁੱਖ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਮੁਕਤ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ ਅਤੇ ਚੀਨ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ‘ਕੁਆਡ’ (Quad) ਦੇ ਮੈਂਬਰ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਵਧਾਉਣਾ ਹੈ।
ਤਾਕਤ ਰਾਹੀਂ ਸ਼ਾਂਤੀ ਦਾ ਏਜੰਡਾ
ਵੀਰਵਾਰ ਨੂੰ ਹਸਤਾਖਰ ਕੀਤੇ ਗਏ ‘ਨੈਸ਼ਨਲ ਡਿਫੈਂਸ ਆਥੋਰਾਈਜ਼ੇਸ਼ਨ ਐਕਟ (NDAA) ਫਾਰ ਫਿਸਕਲ ਈਅਰ 2026’ ਰਾਹੀਂ ਰੱਖਿਆ ਮੰਤਰਾਲੇ, ਊਰਜਾ ਮੰਤਰਾਲੇ, ਵਿਦੇਸ਼ ਮੰਤਰਾਲੇ ਤੇ ਖੁਫੀਆ ਏਜੰਸੀਆਂ ਸਮੇਤ ਵੱਖ-ਵੱਖ ਵਿਭਾਗਾਂ ਲਈ ਫੰਡ ਅਲਾਟ ਕੀਤੇ ਗਏ ਹਨ। ਰਾਸ਼ਟਰਪਤੀ ਟਰੰਪ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਐਕਟ "ਤਾਕਤ ਰਾਹੀਂ ਸ਼ਾਂਤੀ ਕਾਇਮ ਕਰਨ" ਦੇ ਉਨ੍ਹਾਂ ਦੇ ਏਜੰਡੇ ਨੂੰ ਲਾਗੂ ਕਰਨ ਅਤੇ ਘਰੇਲੂ ਤੇ ਵਿਦੇਸ਼ੀ ਖਤਰਿਆਂ ਤੋਂ ਮਾਤਭੂਮੀ ਦੀ ਰੱਖਿਆ ਕਰਨ ਲਈ ਰੱਖਿਆ ਵਿਭਾਗ ਨੂੰ ਸਮਰੱਥ ਬਣਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਉਨ੍ਹਾਂ ਪ੍ਰੋਗਰਾਮਾਂ 'ਤੇ ਲਗਾਮ ਲੱਗੇਗੀ ਜੋ ਫੌਜੀ ਕਰਮਚਾਰੀਆਂ ਦੇ ਮਨੋਬਲ ਨੂੰ ਕਮਜ਼ੋਰ ਕਰਦੇ ਹਨ।
ਚੀਨ ਨੂੰ ਟੱਕਰ ਦੇਣ ਦੀ ਤਿਆਰੀ
ਇਸ ਅਧਿਨਿਯਮ 'ਚ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਿਰੁੱਧ ਰਣਨੀਤਕ ਮੁਕਾਬਲੇ 'ਚ ਅਮਰੀਕਾ ਨੂੰ ਮਜ਼ਬੂਤ ਸਥਿਤੀ ਪ੍ਰਦਾਨ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਇਸ ਦੇ ਤਹਿਤ:
• ਕੁਆਡ ਸਹਿਯੋਗ: ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਸਮੂਹ ‘ਕੁਆਡ’ ਰਾਹੀਂ ਫੌਜੀ ਅਭਿਆਸਾਂ, ਰੱਖਿਆ ਵਪਾਰ ਅਤੇ ਸਮੁੰਦਰੀ ਸੁਰੱਖਿਆ ਵਿੱਚ ਸਹਿਯੋਗ ਵਧਾਇਆ ਜਾਵੇਗਾ।
• ਸੁਰੱਖਿਆ ਤੰਤਰ: ਅਮਰੀਕਾ ਆਪਣੇ ਮਿੱਤਰ ਦੇਸ਼ਾਂ ਜਿਵੇਂ ਕਿ ਭਾਰਤ, ਆਸਟ੍ਰੇਲੀਆ, ਜਾਪਾਨ, ਦੱਖਣੀ ਕੋਰੀਆ, ਫਿਲੀਪੀਨਜ਼ ਅਤੇ ਨਿਊਜ਼ੀਲੈਂਡ ਦੇ ਰੱਖਿਆ ਉਦਯੋਗਿਕ ਅਧਾਰਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨ ਲਈ ਇੱਕ ਸੁਰੱਖਿਆ ਪ੍ਰਣਾਲੀ ਸਥਾਪਤ ਕਰੇਗਾ।
ਪਰਮਾਣੂ ਸਹਿਯੋਗ ਦਾ ਮੁਲਾਂਕਣ
ਇਸ ਬਿੱਲ 'ਚ 'ਅਮਰੀਕਾ ਤੇ ਭਾਰਤ ਵਿਚਕਾਰ ਪਰਮਾਣੂ ਨਿਯਮਾਂ ਦਾ ਸਾਂਝਾ ਮੁਲਾਂਕਣ' ਕਰਨ ਲਈ ਇੱਕ ਵਿਸ਼ੇਸ਼ ਵਿਧੀ ਦਾ ਵੀ ਜ਼ਿਕਰ ਹੈ। ਇਸ ਦੇ ਤਹਿਤ ਦੋਵੇਂ ਦੇਸ਼ 2008 ਵਿੱਚ ਹਸਤਾਖਰ ਕੀਤੇ ਗਏ ਪਰਮਾਣੂ ਊਰਜਾ ਸਹਿਯੋਗ ਸਮਝੌਤੇ ਦੇ ਲਾਗੂ ਹੋਣ ਦੀ ਨਿਯਮਤ ਤੌਰ 'ਤੇ ਸਮੀਖਿਆ ਕਰਨਗੇ। ਇਹ ਸਾਂਝਾ ਸਲਾਹਕਾਰ ਤੰਤਰ ਅਮਰੀਕਾ-ਭਾਰਤ ਰਣਨੀਤਕ ਸੁਰੱਖਿਆ ਵਾਰਤਾ ਦੇ ਤਹਿਤ ਕੰਮ ਕਰੇਗਾ।
