ਅਮਰੀਕੀ ਸੰਸਦ ''ਚ ਗੂੰਜਿਆ ਭਾਰਤ-ਅਮਰੀਕਾ ਸਬੰਧਾਂ ਦਾ ਮੁੱਦਾ! ਮੋਦੀ-ਪੁਤਿਨ ਦੀ ''ਸੈਲਫੀ'' ਦਿਖਾ ਕੇ ਦਿੱਤੀ ਚਿਤਾਵਨੀ
Thursday, Dec 11, 2025 - 04:58 PM (IST)
ਵਾਸ਼ਿੰਗਟਨ- ਭਾਰਤ ਅਤੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਦਹਾਕਿਆਂ ਪੁਰਾਣੇ ਸਬੰਧਾਂ ਵਿੱਚ ਪੈਦਾ ਹੋਏ ਤਣਾਅ ਦੀ ਗੂੰਜ ਹੁਣ ਅਮਰੀਕੀ ਸੰਸਦ ਦੇ ਅੰਦਰ ਵੀ ਸੁਣਾਈ ਦੇਣ ਲੱਗੀ ਹੈ। ਇਸ ਤਣਾਅ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਦਬਾਅ ਬਣਾਉਣ ਦੀ ਰਣਨੀਤੀ ਦੱਸੀ ਜਾ ਰਹੀ ਹੈ।
ਸੰਸਦ 'ਚ ਦਿਖਾਈ ਗਈ ਮੋਦੀ-ਪੁਤਿਨ ਦੀ ਸੈਲਫੀ
ਅਮਰੀਕੀ ਕਾਂਗਰਸ ਦੀ ਇੱਕ ਮਹੱਤਵਪੂਰਨ ਸੁਣਵਾਈ ਦੌਰਾਨ, ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਸਿਡਨੀ ਕੈਮਲੇਗਰ-ਡੋਵ ਨੇ ਇੱਕ ਤਸਵੀਰ ਨੂੰ ਚਰਚਾ ਦਾ ਕੇਂਦਰ ਬਣਾਇਆ। ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇੱਕ ਕਾਰ ਵਿੱਚ ਲਈ ਗਈ 'ਸੈਲਫੀ' ਦਾ ਵੱਡਾ ਪੋਸਟਰ ਸਦਨ ਦੇ ਕਮਰੇ ਵਿੱਚ ਦਿਖਾਇਆ। ਸੰਸਦ ਮੈਂਬਰ ਨੇ ਇਸ ਤਸਵੀਰ ਨੂੰ ਸਿਰਫ਼ ਇੱਕ ਫੋਟੋ ਨਹੀਂ, ਸਗੋਂ ਇੱਕ 'ਚਿਤਾਵਨੀ' ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਅਮਰੀਕਾ ਦੀ ਮੌਜੂਦਾ ਦਬਾਅ ਵਾਲੀ ਟੈਰਿਫ ਨੀਤੀ ਭਾਰਤ ਨੂੰ ਉਸ ਦੇ ਰਣਨੀਤਕ ਸਹਿਯੋਗੀ ਰੂਸ ਦੇ ਹੋਰ ਨੇੜੇ ਧੱਕ ਰਹੀ ਹੈ।
ਅਮਰੀਕਾ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਰਿਹਾ
ਸਿਡਨੀ ਕੈਮਲੇਗਰ-ਡੋਵ ਨੇ ਅਮਰੀਕੀ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਜੋ ਕਦਮ ਚੁੱਕੇ ਹਨ, ਉਹ ਦੋਵਾਂ ਦੇਸ਼ਾਂ ਦੇ ਵਿਚਕਾਰ “ਰਣਨੀਤਕ ਭਰੋਸੇ ਉੱਤੇ ਡੂੰਘੀ ਸੱਟ ਮਾਰ ਰਹੇ ਹਨ।” ਉਨ੍ਹਾਂ ਸਾਫ਼ ਕਿਹਾ, "ਇਹ ਅਮਰੀਕਾ ਹੈ, ਭਾਰਤ ਨਹੀਂ, ਜੋ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।" ਉਨ੍ਹਾਂ ਮੁਤਾਬਕ, ਇਹ ਤਸਵੀਰ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੈ ਅਤੇ ਇਹ ਦਿਖਾਉਂਦੀ ਹੈ ਕਿ ਭਾਰਤ ਅਤੇ ਰੂਸ ਦੇ ਵਿਚਕਾਰ ਨਿੱਜੀ ਅਤੇ ਰਾਜਨੀਤਿਕ ਗਰਮਜੋਸ਼ੀ ਕਿੰਨੀ ਮਜ਼ਬੂਤ ਹੈ।
'ਨੋਬਲ' ਨੂੰ ਲੈ ਕੇ ਟਰੰਪ 'ਤੇ ਤੰਜ
ਸਿਡਨੀ ਕੈਮਲੇਗਰ-ਡੋਵ ਨੇ ਰਾਸ਼ਟਰਪਤੀ ਟਰੰਪ 'ਤੇ ਤਿੱਖਾ ਤੰਜ ਕੱਸਦਿਆਂ ਚਿਤਾਵਨੀ ਦਿੱਤੀ, "ਤੁਸੀਂ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਜਿੱਤ ਸਕਦੇ ਜੇਕਰ ਤੁਸੀਂ ਆਪਣੇ ਰਣਨੀਤਕ ਪਾਰਟਨਰ ਨੂੰ ਵਿਰੋਧੀ ਦੇਸ਼ਾਂ ਦੀ ਤਰਫ ਧੱਕ ਦਿਓ।" ਉਨ੍ਹਾਂ ਸਾਥੀ ਸੰਸਦ ਮੈਂਬਰਾਂ ਨੂੰ 'ਜਾਗਣ' ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਸ਼ਕਤੀ ਅਤੇ ਅਮਰੀਕਾ ਲਈ ਇੱਕ ਬੇਹੱਦ ਅਹਿਮ ਸਾਂਝੇਦਾਰ ਹੈ। ਜੇਕਰ ਇਨ੍ਹਾਂ ਸਬੰਧਾਂ 'ਤੇ ਸੱਟ ਵੱਜਦੀ ਹੈ, ਤਾਂ ਇਸ ਦਾ ਨੁਕਸਾਨ ਅਮਰੀਕਾ ਨੂੰ ਲੰਬੇ ਸਮੇਂ ਤੱਕ ਭੁਗਤਣਾ ਪਵੇਗਾ।
ਇਹ ਵਾਇਰਲ ਤਸਵੀਰ ਉਦੋਂ ਲਈ ਗਈ ਸੀ ਜਦੋਂ ਰੂਸੀ ਰਾਸ਼ਟਰਪਤੀ ਪੁਤਿਨ, ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਆਪਣੇ ਪਹਿਲੇ ਭਾਰਤ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਨਿੱਜੀ ਡਿਨਰ ਲਈ ਕਾਰ ਵਿੱਚ ਸਵਾਰ ਹੋ ਕੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇ ਸਨ।
