ਨਿਊਯਾਰਕ ''ਚ ਰੱਖਿਆ ਮੰਤਰੀ ਦੇ ਮੀਡੀਆ ਨਿਯਮਾਂ ਨੂੰ ਚੁਣੌਤੀ, ਪੇਂਟਾਗਨ ''ਤੇ ਦਰਜ ਹੋਇਆ ਮੁਕੱਦਮਾ
Friday, Dec 05, 2025 - 12:57 PM (IST)
ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ 'ਨਿਊਯਾਰਕ ਟਾਈਮਜ਼' ਨੇ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੇਂਟਾਗਨ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ, ਜਿਸ 'ਚ ਰੱਖਿਆ ਮੰਤਰੀ ਪੀਟ ਹੈਗਸੈਥ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਇਨ੍ਹਾਂ ਨਿਯਮਾਂ ਦੇ ਕਾਰਨ ਮੁੱਖ ਧਾਰਾ ਮੀਡੀਆ ਸੰਗਠਨ ਦੀ ਜ਼ਿਆਦਾਤਰ ਸੰਸਥਾਵਾਂ ਨੂੰ ਪੈਂਟਾਗਨ ਤੋਂ ਬਾਹਰ ਭੇਜ ਦਿੱਤਾ ਗਿਆ ਹੈ।ਅਖਬਾਰ ਦਾ ਕਹਿਣਾ ਹੈ ਕਿ ਇਹ ਨਿਯਮ ਪ੍ਰਗਟਾਵੇ ਦੀ ਆਜ਼ਾਦੀ ਅਤੇ ਨਿਰਪੱਖ ਪ੍ਰਕਿਰਿਆ ਦੇ ਸੰਵਿਧਾਨਕ ਅਧਿਕਾਰ ਦਾ ਉਲੰਘਣ ਕਰਦੇ ਹਨ, ਕਿਉਂਕਿ ਇਸ ਨਾਲ ਹੈਗਸੈਥ ਨੂੰ ਇਹ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਪੱਤਰਕਾਰ 'ਤੇ ਪਾਬੰਦੀ ਲਗਾ ਸਕਦਾ ਹੈ।
ਨਿਊਯਾਰਕ ਟਾਈਮਜ਼ ਸਮੇਤ ਕਈ ਮੀਡੀਆ ਸੰਸਥਾਵਾਂ ਇਨ੍ਹਾਂ ਨਿਯਮਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸਦੇ ਕਈ ਪੱਤਰਕਾਰ ਪੇਂਟਾਗਨ ਤੋਂ ਬਾਹਰ ਜਾ ਚੁੱਕੇ ਹਨ। ਦਰਅਸਲ, ਅਮਰੀਕੀ ਰੱਖਿਆ ਮੰਤਰੀ ਵੱਲੋਂ ਪੱਤਰਕਾਰਾਂ 'ਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਨੂੰ ਨਾ ਮੰਨਣ ਕਰਕੇ ਕਈ ਪੱਤਰਕਾਰਾਂ ਨੰ ਅਕਤੂਬਰ 'ਚ ਆਪਣੇ 'ਅਕਸੈਸ ਬੈਜ' (ਪੈਂਟਾਗਨ 'ਚ ਦਾਖਿਲ ਹੋਣ ਦਾ ਅਧਿਕਾਰਤ ਕਾਰਡ) ਵਾਪਿਸ ਕਰ ਦਿੱਤੇ ਗਏ ਸਨ। ਇਨ੍ਹਾਂ ਨਿਯਮਾਂ ਦੇ ਤਹਿਤ ਹੈਗਸੈਥ ਵੱਲੋਂ ਮਨਜ਼ੂਰ ਨਾ ਕੀਤੀ ਗਈ ਕਿਸੇ ਵੀ ਜਾਣਕਾਰੀ ਦੀ ਰਿਪੋਰਟ 'ਤੇ ਪੱਤਰਕਾਰਾਂ ਨੂੰ ਪੇਂਟਾਗਨ ਵਿਚੋਂ ਕੱਢਿਆ ਜਾ ਸਕਦਾ ਹੈ, ਚਾਹੇ ਉਹ ਜਾਣਕਾਰੀ ਗੁਪਤ ਹੋਵੇ ਜਾਂ ਨਾ ਹੋਵੇ।
ਹੁਣ ਪੈਂਟਾਗਨ ਦੇ ਪ੍ਰੈਸ ਰੂਮ ਵਿੱਚ ਸਿਰਫ਼ ਰੂੜੀਵਾਦੀ ਮੀਡੀਆ ਸੰਸਥਾਵਾਂ ਹਨ ਜਿਨ੍ਹਾਂ ਨੇ ਨਵੇਂ ਨਿਯਮਾਂ ਨੂੰ ਮੰਨ ਲਿਆ ਹੈ। ਇਨ੍ਹਾਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਮੰਗਲਵਾਰ ਨੂੰ ਹੈਗਸੈਥ ਦੀ ਪ੍ਰੈਸ ਸਕੱਤਰ ਨਾਲ ਬ੍ਰੀਫਿੰਗ 'ਚ ਹਿੱਸਾ ਲਿਆ। ਨਿਊਯਾਰਕ ਟਾਈਮਜ਼ ਦੇ ਬੁਲਾਰੇ ਚਾਰਲਸ ਸਟੈਟਲੈਂਡਰ ਨੇ ਕਿਹਾ ਹੈ ਕਿ ਇਹ ਨੀਤੀ ''ਸਰਕਾਰ ਦੀ ਨਾ-ਪਸੰਦ ਰਿਪੋਰਟਿੰਗ 'ਤੇ ਕੰਟਰੋਲ ਸਥਾਪਿਤ ਕਰਨ ਦਾ ਇਕ ਯਤਨ ਹੈ।'' ਅਖਬਾਰ ਨੇ ਵੀਰਵਾਰ ਨੂੰ ਵਾਸ਼ਿੰਗਟਨ ਦੀ ਯੂ.ਐਸ. ਜ਼ਿਲ੍ਹਾ ਕੋਰਟ 'ਚ ਮਾਮਲਾ ਦਰਜ ਕੀਤਾ ਹੈ। ਪੈਂਟਾਗਨ ਨੇ ਮੁਕੱਦਮੇ 'ਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ।
