ਵ੍ਹਾਈਟ ਹਾਊਸ ਕੋਲ ਪ੍ਰਦਰਸ਼ਨਕਾਰੀ ਹੋਏ ਹਿੰਸਕ, ਟਰੰਪ ਨੂੰ ਬੰਕਰ ''ਚ ਲੈਣੀ ਪਈ ਸ਼ਰਣ
Monday, Jun 01, 2020 - 09:51 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਪੁਲਸ ਕਰਮਚਾਰੀ ਦੀ ਗਲਤੀ ਕਾਰਨ ਮਾਰੇ ਗਏ ਗੈਰ-ਗੋਰੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਲਈ ਲੋਕ ਨਿਆਂ ਮੰਗ ਰਹੇ ਹਨ। ਅਮਰੀਕਾ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ ਪਰ ਕਈ ਥਾਵਾਂ 'ਤੇ ਇਹ ਹਿੰਸਕ ਹੋ ਗਿਆ ਹੈ। ਅਮਰੀਕਾ ਦੇ 30 ਸ਼ਹਿਰਾਂ ਵਿਚ ਹਿੰਸਾ ਦੀ ਅੱਗ ਝੁਲਸ ਰਹੀ ਹੈ। ਇਸ ਦੇ ਸੇਕ ਐਤਵਾਰ ਨੂੰ ਵ੍ਹਾਈਟ ਹਾਊਸ ਤੱਕ ਵੀ ਪੁੱਜਾ। ਰਾਜਧਾਨੀ ਵਾਸ਼ਿੰਗਟਨ ਵਿਚ ਹਾਲਾਤ ਇੰਨੇ ਖਰਾਬ ਹੋ ਗਏ ਕਿ ਵ੍ਹਾਈਟ ਹਾਊਸ ਕੋਲ ਲਗਾਤਾਰ ਤੀਜੇ ਦਿਨ ਵੀ ਵਿਰੋਧ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰਿਹਾ ਤੇ ਰਾਸ਼ਟਰਪਤੀ ਟਰੰਪ ਨੂੰ ਵੀ ਵ੍ਹਾਈਟ ਹਾਊਸ ਵਿਚ ਬਣੇ ਬੰਕਰ ਵਿਚ ਲੁਕਣਾ ਪਿਆ।
ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਕੋਲ ਇਕ ਕੂੜੇਦਾਨ ਵਿਚ ਅੱਗ ਲਗਾ ਦਿੱਤੀ ਅਤੇ ਪੁਲਸ ਨਾਲ ਧੱਕਾ-ਮੁੱਕੀ ਵੀ ਕੀਤੀ। ਮਾਮਲਾ ਇੰਨਾ ਵਿਗੜ ਗਿਆ ਕਿ ਗੁਪਤ ਸੇਵਾ ਏਜੰਟ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੰਕਰ ਵਿਚ ਲੈ ਗਏ। ਹਾਲਾਂਕਿ ਮੌਕੇ 'ਤੇ ਪੁੱਜੀ ਪੁਲਸ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਦੌੜਾ ਦਿੱਤਾ। ਇਸ ਦੌਰਾਨ ਗੁਪਤ ਸੇਵਾ ਏਜੰਟ ਰਾਈਟ ਗੀਅਰ (ਦੰਗਾਰੋਕੂ ਪੋਸ਼ਾਕ) ਵਿਚ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਜਾਰਜ ਦੀ ਮੌਤ ਦੇ ਬਾਅਦ ਅਮਰੀਕਾ ਵਿਚ ਹਿੰਸਾ ਭੜਕ ਗਈ ਹੈ। ਪੁਲਸ ਨੇ ਕਈ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ।