ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦੇਣਾ ਪਵੇਗਾ ਟੈਕਸ ਰਿਟਰਨ ਦਾ ਬਿਓਰਾ, ਅਮਰੀਕੀ ਜੱਜ ਨੇ ਸੁਣਾਇਆ ਫੈਸਲਾ

08/22/2020 2:14:17 AM

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਟੈਕਸ ਰਿਟਰਨ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਵਿਚ ਵੱਡਾ ਝਟਕਾ ਲੱਗਿਆ ਹੈ। ਇਕ ਸੰਘੀ ਜੱਜ ਨੇ ਵੀਰਵਾਰ ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਕਿ ਟਰੰਪ ਟੈਕਸ ਰਿਟਰਨ ਦੇ ਲਈ ਇਕ ਪ੍ਰੋਸੀਕਿਊਟਰ ਵਲੋਂ ਜਾਰੀ ਕੀਤੇ ਗਏ ਸੰਮਨ ਨੂੰ ਰੋਕ ਨਹੀਂ ਸਕਦੇ। ਉਨ੍ਹਾਂ ਨੂੰ ਆਪਣੇ ਟੈਕਸ ਰਿਟਰਨ ਦਾ ਬਿਓਰਾ ਦੇਣਾ ਹੀ ਹੋਵੇਗਾ। ਮੈਨਹਟਨ ਦੇ ਅਟਾਰਨੀ ਸਾਈਰਸ ਵੇਂਸ ਨੇ ਸੰਮਣ ਭੇਜ ਕੇ ਟਰੰਪ ਤੋਂ ਉਨ੍ਹਾਂ ਦੇ ਟੈਕਸ ਰਿਟਰਨ ਦਾ 8 ਸਾਲ ਦਾ ਬਿਓਰਾ ਮੰਗਿਆ ਹੈ।

ਇਸ ਮਾਮਲੇ ਵਿਚ ਮੈਨਹਟਨ ਦੇ ਜ਼ਿਲਾ ਜੱਜ ਵਿਕਟਰ ਮਾਰੇਰੋ ਨੇ ਆਪਣੇ 103 ਪੇਜਾਂ ਦੇ ਫੈਸਲੇ ਵਿਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਮਣ ਰੋਕਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਅਜਿਹਾ ਕਰਨਾ ਰਾਸ਼ਟਰਪਤੀ ਨੂੰ ਮਿਲੀ ਛੋਟ ਦਾ ਗਲਤ ਤਰੀਕੇ ਨਾਲ ਵਿਸਥਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿਵਾਦ ਨੂੰ ਖਤਮ ਕਰਨ ਦੇ ਲਈ ਨਿਆ ਦੀ ਲੋੜ ਹੈ। ਟਰੰਪ ਨੂੰ ਇਸ ਸੰਮਣ ਬੀਤੇ ਸਾਲ ਅਗਸਤ ਵਿਚ ਜਾਰੀ ਕੀਤਾ ਗਿਆ ਸੀ। ਉਹ ਇਸ ਦੇ ਖਿਲਾਫ ਤੁਰੰਤ ਕੋਰਟ ਚਲੇ ਗਏ ਸਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਵਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਜੇਕਰ ਨਿੱਜੀ ਤੇ ਗੁਪਤ ਜਾਣਕਾਰੀਆਂ ਨੂੰ ਉਜਾਗਰ ਕਰਨ ਦੇ ਲਈ ਮਜਬੂਰ ਕੀਤਾ ਗਿਆ ਤਾਂ ਇਸ ਨਾਲ ਉਨ੍ਹਾਂ ਨੂੰ ਅਜਿਹਾ ਨੁਕਸਾਨ ਹੋਵੇਗਾ, ਜਿਸ ਦੀ ਭਰਪਾਈ ਨਹੀਂ ਹੋ ਸਕਦੀ ਹੈ। ਹਾਲ ਹੀ ਵਿਚ ਨਿਊਯਾਰਕ ਦੀ ਇਕ ਜੱਜ ਨੇ ਰਾਸ਼ਟਰਪਤੀ ਟਰੰਪ 'ਤੇ ਜਬਰ-ਜ਼ਨਾਹ ਦਾ ਦੋਸ਼ ਲਗਾਉਣ ਵਾਲੀ ਇਕ ਜਨਾਨੀ ਦੇ ਮੁਕੱਦਮੇ ਵਿਚ ਕਥਿਤ ਰੂਪ ਨਾਲ ਦੇਰੀ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ ਸਖਤ ਟਿੱਪਣੀ ਕੀਤੀ ਸੀ।

ਜੱਜ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਸ਼ਟਰਪਤੀ ਅਹੁਦੇ 'ਤੇ ਹੋਣਾ ਉਨ੍ਹਾਂ ਨੂੰ ਇਸ ਮਾਮਲੇ ਤੋਂ ਨਹੀਂ ਬਚਾ ਸਕਦਾ ਹੈ। ਇਹੀ ਨਹੀਂ ਜੱਜ ਨੇ ਅਮਰੀਕੀ ਸੁਪਰੀਮ ਕੋਰਟ ਦੀ ਇਕ ਵਿਵਸਥਾ ਦਾ ਵੀ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨਿਊਯਾਰਕ ਦੇ ਪ੍ਰੋਸੀਕਿਊਟਰ ਦੀ ਅਪਰਾਧਿਕ ਜਾਂਚ ਤੋਂ ਬਚ ਨਹੀਂ ਸਕਦੇ ਹਨ। ਇਹੀ ਸਿਧਾਂਤ ਈ ਜੀਨ ਕੈਰੋਲ ਦੇ ਮਾਣਹਾਨੀ ਸਬੰਧੀ ਮੁਕੱਦਮੇ 'ਤੇ ਵੀ ਲਾਗੂ ਹੁੰਦਾ ਹੈ।


Baljit Singh

Content Editor

Related News