ਪ੍ਰਾਪਰਟੀ ਟੈਕਸ ਨੂੰ ਲੈ ਕੇ ਵੱਡੀ ਖਬਰ, 31 ਮਈ ਤੱਕ ਦਾ ਦਿੱਤਾ ਗਿਆ ਸਮਾਂ
Thursday, Apr 23, 2026 - 11:37 AM (IST)
ਚੰਡੀਗੜ੍ਹ (ਮਨਪ੍ਰੀਤ) : ਨਗਰ ਨਿਗਮ ਚੰਡੀਗੜ੍ਹ ਨੇ ਸ਼ਹਿਰ ਵਾਸੀਆਂ ਤੇ ਜਾਇਦਾਦ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੈਅ ਸਮੇਂ ’ਚ ਟੈਕਸ ਦੀ ਅਦਾਇਗੀ ਕਰਕੇ ਪ੍ਰਾਪਰਟੀ ਟੈਕਸ ਛੋਟ ਸਕੀਮ ਦਾ ਪੂਰਾ ਲਾਭ ਉਠਾਉਣ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਟੈਕਸ 2026-27 ਲਈ ਮੁਲਾਂਕਣ ਸਾਲ 1 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕਾ ਹੈ ਤੇ ਜਿਹੜੇ ਜਾਇਦਾਦ ਮਾਲਕ ਮਿੱਥੇ ਸਮੇਂ ਦੌਰਾਨ ਆਪਣਾ ਟੈਕਸ ਜਮ੍ਹਾਂ ਕਰਵਾਉਂਦੇ ਹਨ, ਉਹ ਇਸ ਵਿਸ਼ੇਸ਼ ਛੋਟ ਦਾ ਲਾਭ ਲੈ ਸਕਦੇ ਹਨ। ਰਿਹਾਇਸ਼ੀ ਜਾਇਦਾਦਾਂ ਦੇ ਮਾਲਕਾਂ ਨੂੰ 20 ਫੀਸਦੀ ਤੇ ਵਪਾਰਕ ਜਾਇਦਾਦਾਂ ਦੇ ਮਾਲਕਾਂ ਨੂੰ 10 ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਇਹ ਛੋਟ 1 ਅਪ੍ਰੈਲ 2026 ਤੋਂ 31 ਮਈ 2026 ਤੱਕ ਟੈਕਸ ਦੀ ਅਦਾਇਗੀ ਕਰਨ ’ਤੇ ਲਾਗੂ ਹੋਵੇਗੀ ਜਦਕਿ ਚੈੱਕ ਤੇ ਡਿਮਾਂਡ ਡ੍ਰਾਫਟ ਰਾਹੀਂ ਅਦਾਇਗੀ ਸਿਰਫ਼ 26 ਮਈ 2026 ਤੱਕ ਹੀ ਸਵੀਕਾਰ ਕੀਤੀ ਜਾਵੇਗੀ।
ਕਮਿਸ਼ਨਰ ਨੇ ਕਿਹਾ ਕਿ ਟੈਕਸ ਦੀ ਜਲਦੀ ਅਦਾਇਗੀ ਨਾਲ ਜਿੱਥੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਛੋਟ ਮਿਲਦੀ ਹੈ, ਉੱਥੇ ਹੀ ਨਗਰ ਨਿਗਮ ਦੇ ਵਿੱਤੀ ਸਰੋਤ ਵੀ ਮਜ਼ਬੂਤ ਹੁੰਦੇ ਹਨ। ਪ੍ਰਾਪਰਟੀ ਟੈਕਸ ਨਿਗਮ ਦੀ ਆਮਦਨ ਦਾ ਇਕ ਵੱਡਾ ਸਰੋਤ ਹੈ, ਜਿਸ ਦੀ ਵਰਤੋਂ ਸ਼ਹਿਰ ’ਚ ਸਫ਼ਾਈ, ਸੜਕਾਂ ਦੀ ਸਾਂਭ-ਸੰਭਾਲ, ਜਲ ਸਪਲਾਈ ਤੇ ਸ਼ਹਿਰੀ ਵਿਕਾਸ ਕਾਰਜਾਂ ਵਰਗੀਆਂ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟੈਕਸ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਅਧਿਕਾਰਤ ਈ-ਸੰਪਰਕ ਪੋਰਟਲ ’ਤੇ ਆਪਣੀ ਮੌਜੂਦਾ ਬਕਾਇਆ ਰਕਮ ਦੀ ਜਾਂਚ ਕਰ ਲੈਣ ਤੇ ਇਹ ਯਕੀਨੀ ਬਣਾਉਣ ਕਿ ਛੋਟ ਦਾ ਲਾਭ ਲੈਣ ਲਈ ਸਾਰੇ ਬਕਾਏ ਤੈਅ ਸਮੇਂ ’ਚ ਕਲੀਅਰ ਕਰ ਦਿੱਤੇ ਜਾਣ।
