ਤ੍ਰਿਪੋਲੀ ਦੇ ਫੌਜੀ ਸਕੂਲ 'ਤੇ ਹਮਲਾ, ਹੋਈ 28 ਜਵਾਨਾਂ ਦੀ ਮੌਤ

01/05/2020 10:07:43 AM

ਤ੍ਰਿਪੋਲੀ— ਲੀਬੀਆ ਦੀ ਰਾਜਧਾਨੀ ਤ੍ਰਿਪੋਲੀ 'ਚ ਇਕ ਫੌਜੀ ਸਕੂਲ 'ਚ ਹੋਏ ਹਵਾਈ ਹਮਲੇ 'ਚ ਘੱਟ ਤੋਂ ਘੱਟ 28 ਜਵਾਨਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਲੋਕ ਜ਼ਖਮੀ ਹੋ ਗਏ। ਗਵਰਮੈਂਟ ਆਫ ਨੈਸ਼ਨਲ ਅਕਾਰਡ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਮੀਨ ਅਲ ਹਸ਼ਮੀ ਨੇ ਕਿਹਾ,''ਤ੍ਰਿਪੋਲੀ ਦੇ ਫੌਜੀ ਸਕੂਲ 'ਤੇ ਸ਼ਨੀਵਾਰ ਨੂੰ ਇਕ ਹਵਾਈ ਹਮਲੇ 'ਚ 28 ਜਵਾਨਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ।'' ਉਨ੍ਹਾਂ ਦੱਸਿਆ ਕਿ ਜਦ ਹਮਲਾ ਹੋਇਆ ਉਸ ਸਮੇਂ ਕੈਡੇਟ ਆਪਣੇ-ਆਪਣੇ ਕਮਰਿਆਂ 'ਚ ਜਾਣ ਤੋਂ ਪਹਿਲਾਂ ਪਰੇਡ ਗਰਾਊਂਡ 'ਚ ਇਕੱਠੇ ਹੋਏ। ਇਹ ਫੌਜੀ ਸਕੂਲ ਤ੍ਰਿਪੋਲੀ ਦੇ ਅਲ ਹਾਦਬਾ ਅਲ ਖਦਰਾ 'ਚ ਸਥਿਤ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਹਸਪਤਾਲ ਜਾ ਕੇ ਖੂਨ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਜ਼ਖਮੀਆਂ ਦੀ ਮਦਦ ਕੀਤੀ ਜਾ ਸਕੇ।
PunjabKesari
ਤ੍ਰਿਪੋਲੀ ਦੇ ਦੱਖਣੀ ਹਿੱਸੇ 'ਚ ਪਿਛਲੇ ਸਾਲ ਅਪ੍ਰੈਲ 'ਚ ਉਸ ਸਮੇਂ ਤੋਂ ਭਿਆਨਕ ਸੰਘਰਸ਼ ਚੱਲ ਰਿਹਾ ਹੈ ਜਦ ਤਾਕਤਵਰ ਫੌਜੀ ਕਮਾਂਡਰ ਖਲੀਫਾ ਹਫਤਾਰ ਨੇ ਜੀ. ਐੱਨ. ਏ. 'ਤੇ ਹਮਲਾ ਸ਼ੁਰੂ ਕੀਤਾ ਸੀ। ਹਾਲਾਂਕਿ ਹਫਤਾਰ ਸਮਰਥਕ ਬਲਾਂ ਨੇ ਫੌਜੀ ਸਕੂਲ 'ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਜੀ. ਐੱਨ. ਏ. ਬਲਾਂ ਨੇ ਇਸ ਹਮਲੇ ਲਈ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਲੀਬੀਆ 'ਚ ਅਹੁਦੇ ਤੋਂ ਹਟਾਏ ਗਏ ਤਾਨਾਸ਼ਾਹ ਮੁਅੰਮਰ ਗੱਦਾਫੀ ਦੀ 2011 'ਚ ਮੌਤ ਹੋਣ ਮਗਰੋਂ ਇੱਥੇ ਅਰਾਜਕਤਾ ਦੀ ਸਥਿਤੀ ਹੈ।


Related News