ਭੱਵਿਖ ਨੂੰ ਬਿਹਤਰ ਤੇ ਸੁਰੱਖਿਅਤ ਬਣਾਉਣ ਲਈ ਇਟਾਲੀਅਨ ਲੋਕ ਵੀ ਪ੍ਰਵਾਸ ਕੱਟਣ ਲਈ ਬੇਵੱਸ ਤੇ ਲਾਚਾਰ

03/04/2023 3:50:20 PM

ਰੋਮ (ਦਲਵੀਰ ਕੈਂਥ):  ਇਨਸਾਨ ਦੀਆਂ ਮਜ਼ਬੂਰੀਆਂ ਤੇ ਸੁਫ਼ਨੇ ਉਸ ਨੂੰ ਹਮੇਸਾ ਹੀ ਰਾਹਗੀਰ ਬਣਾਕੇ ਰੱਖਦੇ ਹਨ। ਬਹੁਤ ਸਾਰੇ ਏਸ਼ੀਅਨ, ਅਫਰੀਕਨ ਆਪੋ ਆਪਣੇ ਦੇਸ਼ਾਂ ਵਿੱਚੋਂ ਸਿੱਧੇ ਅਤੇ ਅਸਿੱਧੇ ਢੰਗ ਨਾਲ ਬਿਹਤਰ ਭੱਵਿਖ ਬਣਾਉਣ ਲਈ ਵਿਦੇਸ਼ਾਂ ਦੀ ਖਾਕ ਛਾਨਣ ਲਈ ਬੇਵੱਸ ਹਨ ਕਿਉਂਕਿ ਉਹਨਾਂ ਦਾ ਆਪਣੇ ਦੇਸ਼ ਵਿੱਚ ਭੱਵਿਖ ਤਾਂ ਕੀ ਵਰਤਮਾਨ ਵੀ ਤੰਗੀਆਂ ਤਰੁੱਟੀਆਂ ਵਿੱਚੋ ਹੀ ਰਗੜ ਹੋ-ਹੋ ਨਿਕਲਦਾ ਹੈ। ਹਰ ਸਾਲ ਯੂਰਪ ਵਿੱਚ ਹਜ਼ਾਰਾਂ ਹੀ ਨਵੇਂ ਵਿਦੇਸ਼ੀ ਚੰਗੇ ਅਤੇ ਸੌਖਾਲੇ ਜੀਵਨ ਲਈ ਆਉਂਦੇ ਹਨ। ਇਟਲੀ ਇੱਕ ਅਜਿਹਾ ਮੁਲਕ ਹੈ, ਜਿਸਨੇ ਬਹੁਤ ਸਾਰੇ ਵਿਦੇਸ਼ੀਆਂ ਨੂੰ ਸੰਭਾਲਿਆ ਹੈ ਅਤੇ ਪਹਿਲਾਂ ਵਰਕ ਪਰਮਿਟ ਅਤੇ ਬਾਅਦ ਵਿੱਚ ਇਟਲੀ ਦੀ ਨਾਗਰਿਕਤਾਂ ਤੱਕ ਦਿੱਤੀ ਹੈ। 

ਇਟਲੀ ਦੀ ਜਨਸੰਖਿਆ 60,226,900 ਦੇ ਕਰੀਬ ਹੈ। ਜੇਕਰ ਇਟਲੀ ਵਿੱਚ ਵਿਦੇਸ਼ੀਆਂ ਦੀ ਗੱਲ ਕਰੀਏ ਤਾਂ ਜਨਵਰੀ 2021 ਵਿੱਚ ਆਈ ਰਿਪੋਰਟ ਅਨੁਸਾਰ 5,171,894 ਲੋਕ ਵਿਦੇਸ਼ੀ ਮੂਲ (8.7%) ਦੇ ਰਹਿੰਦੇ ਹਨ। ਜਦੋਂ ਕਿ ਹੁਣ ਤੱਕ ਇਟਲੀ ਵਿੱਚ 6,260,000 ਪ੍ਰਵਾਸੀਆਂ ਦੀ ਆਮਦ ਦਾ ਪਿਛੋਕੜ ਹੈ ਪਰ ਅਸੀਂ  ਅੱਜ ਉਹਨਾਂ ਇਟਾਲੀਅਨ ਲੋਕਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੇ ਕਿ ਇਟਲੀ ਵਿੱਚ ਆਪਣਾ ਭੱਵਿਖ ਧੁੰਦਲਾ ਦੇਖ ਹੋਰ ਦੇਸ਼ਾਂ ਵੱਲ ਕੂਚ ਕਰ ਰਹੇ ਹਨ। ਬੀਤੇ ਦਿਨੀ ਇਟਲੀ ਦੀ ਜਨਗਣਨਾ ਅੰਕੜਾ ਏਜੰਸੀ ਇਸਤਾਤ ਨੇ ਅੰਕੜਾ ਜਾਰੀ ਕਰਦਿਆਂ ਦੱਸਿਆ ਕਿ ਇਟਲੀ ਦੇ ਆਪਣੇ ਮੂਲ ਵਸਨੀਕ ਵੱਡੀ ਗਿਣਤੀ ਵਿੱਚ ਪਰਵਾਸ ਕੱਟਦੇ ਹਨ। 2012 ਤੋਂ 2021 ਦੀ ਗੱਲ ਕਰੀਏ ਇਟਲੀ ਦੇ ਦੱਖਣੀ ਖੇਤਰ ਦੇ 525000 ਨਿਵਾਸੀ ਪ੍ਰਵਾਸੀ ਬਣੇ। 

ਭਾਵੇਂ ਉਹ ਆਪਣੇ ਹੀ ਦੇਸ਼ ਦੇ ਮੱਧ ਜਾਂ ਉੱਤਰ ਦੇ ਇਲਾਕਿਆਂ ਵਿੱਚ ਜਾ ਵੱਸੇ ਹੋਣ। ਭਾਵੇਂ ਉਹ ਹੋਰਨਾਂ ਮੁਲਕਾਂ ਵਿੱਚ। ਇਸਤਾਤ ਨੇ ਦੱਸਿਆ ਕਿ ਇਟਲੀ ਦੇ ਘੱਟ ਅਮੀਰ ਦੱਖਣੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੰਖਿਆ ਵਿੱਚ 2012 ਅਤੇ 2021 ਦੇ ਵਿਚਕਾਰ 525,000 ਦੀ ਕਮੀ ਆਈ ਹੈ। ਰਿਪੋਰਟ ਵਿੱਚ ਰਾਸ਼ਟਰੀ ਅੰਕੜਾ ਏਜੰਸੀ ਨੇ ਕਿਹਾ ਕਿ 2021 ਵਿੱਚ ਇਟਲੀ ਦੇ ਅੰਦਰ ਗਤੀਸ਼ੀਲਤਾ ਵਿੱਚ 6.7% ਦਾ ਵਾਧਾ ਹੋਇਆ, 423,000 ਲੋਕ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਚਲੇ ਗਏ। 2021 ਵਿੱਚ ਇਟਲੀ ਵਿੱਚ ਪਰਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ 28.6% ਵਧ ਕੇ 318,000 ਹੋ ਗਈ, ਪਰ ਹੋਰਨਾਂ ਮੁਲਕਾਂ ਵਿੱਚ  ਪਰਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ 2020 ਵਿੱਚ 1% ਘੱਟ ਕੇ 158,000 ਰਹਿ ਗਈ। 

PunjabKesari

ਇੱਥੇ ਇਹ ਵੀ ਦੱਸਣਯੋਗ ਹੈ ਕਿ ਬਹੁਤ ਸਾਰੇ ਭਾਰਤੀ ਵੀ ਇਟਲੀ ਵਿੱਚ ਚੰਗੀ ਰੋਜੀ ਰੋਟੀ ਦੀ ਭਾਲ ਵਿੱਚ ਆਏ ਹੋਏ ਹਨ। ਆਏ ਸਾਲ ਖੇਤੀਬਾੜੀ ਸੀਜਨੀ ਪੇਪਰ ਰਾਹੀਂ ਦੂਸਰੇ ਦੇਸ਼ਾਂ ਤੋਂ ਪ੍ਰਵਾਸੀ ਇਟਲੀ ਨੂੰ ਆਉਂਦੇ ਹਨ। ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵੀ ਸ਼ਾਮਿਲ ਹਨ। ਬਹੁਤ ਸਾਰੇ ਭਾਰਤੀ ਇਟਲੀ ਦੇ ਪੇਪਰ ਜਾਂ ਨਾਗਰਿਕਤਾ ਪ੍ਰਾਪਤ ਕਰਕੇ ਕਿਸੇ ਹੋਰ ਦੇਸ਼ਾਂ ਵਿੱਚ ਵੀ ਜਾ ਚੁੱਕੇ ਹਨ। ਕਾਰਨ ਭਾਵੇਂ ਕੋਈ ਵੀ ਰਿਹਾ ਹੈ। ਪਰ ਬਹੁਤ ਸਾਰੇ ਏਸ਼ੀਅਨ ਦੇਸ਼ਾਂ ਦੀ ਗਿਣਤੀ ਅਜਿਹੀ ਹੈ ਜਿਸ ਵਿੱਚ ਖਾਸਕਰ ਪਾਕਿਸਤਾਨੀਆਂ ਤੇ ਭਾਰਤੀਆਂ ਦਾ ਵਿਸ਼ੇਸ਼ ਨਾਮ ਬੋਲਦਾ ਹੈ ਜੋ ਇਟਲੀ ਦੇ ਪੇਪਰ ਜਾਂ ਨਾਗਰਿਕਤਾ ਮਿਲਣ 'ਤੇ ਇਟਲੀ ਦੇ ਬੈਂਕ ਤੋਂ ਮੋਟੀ ਰਕਮ ਦਾ ਲੋਨ ਲੈਕੇ ਕਿਸੇ ਦੂਸਰੇ ਦੇਸ਼ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਨਸਲੀ ਹਮਲੇ ਖ਼ਿਲਾਫ਼ ਜਾਗਰੂਕਤਾ ਲਈ ਸਿੱਖ ਗੁਰਦੀਪ ਸਿੰਘ ਦਾ ਵਿਸ਼ੇਸ਼ ਉਪਰਾਲਾ

ਹਾਲਾਂਕਿ ਉਹਨਾਂ ਦੇ ਇਸ ਕਦਮ ਨਾਲ ਪੂਰੀ ਇਟਲੀ ਵਿੱਚ ਵੱਸਦੇ ਪੰਜਾਬੀ ਭਾਰਤੀਆਂ ਦੇ ਮੱਥੇ 'ਤੇ ਕਲੰਕ ਵੀ ਲੱਗ ਰਿਹਾ ਹੈ। ਜਿਸਦੇ ਨਤੀਜੇ ਕਈ ਜਗ੍ਹਾ 'ਤੇ ਦੇਖਣ ਨੂੰ ਮਿਲ ਰਹੇ ਹਨ ਅਤੇ ਕਈ ਜਗ੍ਹਾ 'ਤੇ ਅੱਗੇ ਦੇਖਣ ਨੂੰ ਮਿਲਣਗੇ। ਅਜਿਹੇ ਸੁਆਰਥੀ ਲੋਕਾਂ ਕਾਰਨ ਇਸ ਵਕਤ ਜਿਹੜੇ ਪਾਕਿਸਤਾਨੀ ਜਾਂ ਭਾਰਤੀ ਇਟਲੀ ਦੇ ਬਾਸ਼ਿੰਦੇ ਹਨ ਉਹਨਾਂ ਨੂੰ ਲੋੜ ਪੈਣ 'ਤੇ ਬਹੁਤੇ ਬੈਂਕ ਤਾਂ ਕਰਜ਼ ਦੇਣ ਨੂੰ ਤਿਆਰ ਹੀ ਨਹੀਂ, ਜਿਹੜੇ ਵੀ ਬੈਂਕ ਕਰਜ਼ ਦਿੰਦੇ ਹਨ ਉਹ ਅਨੇਕਾਂ ਸ਼ਰਤਾਂ ਪੂਰੀਆਂ ਕਰਨ ਉਪੰਰਤ ਨਾਮਾਤਰ ਰਾਸ਼ੀ ਦੇਣ ਲਈ ਤਿਆਰ ਹਨ, ਜਿਹੜਾ ਕਿ ਉਹਨਾਂ ਲੋਕਾਂ ਲਈ ਵੱਡੀ ਮੁਸੀਬਤ ਬਣ ਰਿਹਾ ਹੈ ਜਿਹੜੇ ਕਿ ਇਟਲੀ ਵਿੱਚ ਘਰ ਜਾਂ ਕੋਈ ਹੋਰ ਜਾਇਦਾਦ ਬਣਾਉਣੀ ਚਾਹੁੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News