ਚੀਨ ਦੇ ਨਜ਼ਰਬੰਦੀ ਕੈਂਪਾਂ ''ਚ ਬੰਦ ਹਨ 30 ਲੱਖ ਉਈਗਰ : ਰਿਪੋਰਟ

09/27/2020 3:24:13 PM

ਬੀਜਿੰਗ- ਚੀਨ ਨੇ ਆਪਣੇ ਦੇਸ਼ ਵਿਚ ਲੱਖਾਂ ਉਈਗਰਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਇਨ੍ਹਾਂ ਲੋਕਾਂ 'ਤੇ ਤਸ਼ੱਦਦ ਕੀਤੇ ਜਾਂਦੇ ਹਨ। ਉਈਗਰ ਅਮਰੀਕੀ ਕਾਰਜਕਰਤਾ ਰੁਸ਼ਨ ਅੱਬਾਸ ਨੇ ਇਕ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਚੀਨ ਵਿਚ 30 ਲੱਖ ਤੋਂ ਵੱਧ ਉਈਗਰਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਰੱਖਿਆ ਗਿਆ ਹੈ ਤੇ ਹੋਰ ਲੱਖਾਂ ਗੁਲਾਮ ਫੈਕਟਰੀਆਂ ਵਿਚ ਜਾਨਵਰਾਂ ਵਾਂਗ ਕੰਮ ਕਰਨ ਲਈ ਰੱਖੇ ਗਏ ਹਨ।
 
ਉਨ੍ਹਾਂ ਆਪਣੀ ਰਿਪੋਰਟ ਵਿਚ ਕਿਹਾ ਕਿ 30 ਲੱਖ ਤੋਂ ਵੱਧ ਉਈਗਰ ਕੈਂਪਾਂ ਵਿਚ ਤਸ਼ੱਦਦ ਸਹਿ ਰਹੇ ਹਨ। ਇਸ ਦੇ ਇਲਾਵਾ ਲੱਖਾਂ ਨੂੰ ਚੀਨ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਲਈ ਸੁੱਟਿਆ ਗਿਆ ਹੈ ਤੇ ਇਹ ਲੋਕ ਬਹੁਤ ਬੁਰੇ ਮਾਹੌਲ ਵਿਚ ਕੰਮ ਕਰਦੇ ਹਨ। ਚੀਨ ਇਨ੍ਹਾਂ ਲੋਕਾਂ ਦਾ ਬੁਰੀ ਤਰ੍ਹਾਂ ਸ਼ੋਸ਼ਣ ਕਰ ਰਿਹਾ ਹੈ। ਇਸ ਨਸਲਕੁਸ਼ੀ ਦੀਆਂ ਖ਼ਬਰਾਂ ਪੂਰੀ ਦੁਨੀਆ ਵਿਚ ਸੁਣਨ ਨੂੰ ਮਿਲ ਰਹੀਆਂ ਹਨ ਪਰ ਅਜੇ ਤੱਕ ਇਹ ਤਸ਼ੱਦਦ ਰੋਕੇ ਨਹੀਂ ਜਾ ਸਕੇ। ਅੱਜ ਦੇ ਆਧੁਨਿਕ ਯੁੱਗ ਵਿਚ ਉਈਗਰ ਤਸ਼ੱਦਦ ਸਹਿਣ ਲਈ ਮਜਬੂਰ ਹਨ। ਇਨ੍ਹਾਂ ਲੋਕਾਂ ਦੇ ਖੂਨ, ਪਸੀਨੇ, ਮੌਤ ਤੇ ਹੰਝੂਆਂ ਨਾਲ ਭਰੇ ਕੰਮਾਂ ਨੂੰ ਕੋਈ ਨਹੀਂ ਦੇਖ ਰਿਹਾ, ਇਹ ਲੋਕ ਮਜਬੂਰ ਹਨ। 

ਉਨ੍ਹਾਂ ਦੱਸਿਆ ਕਿ ਉਹ ਅਮਰੀਕਾ ਉਈਗਰਾਂ ਲਈ ਲੜਦੀ ਹੈ ਅਤੇ ਇਸੇ ਲਈ ਉਨ੍ਹਾਂ ਦੀ ਭੈਣ ਡਾ. ਗੁਲਸ਼ਨ ਅੱਬਾਸ ਨੂੰ ਚੀਨੀ ਸਰਕਾਰ ਅਗਵਾ ਕਰ ਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦੋ ਸਾਲ ਪਹਿਲਾਂ ਲਾਪਤਾ ਹੋ ਗਈ, ਅਸਲ ਵਿਚ ਉਸ ਨੂੰ ਅਗਵਾ ਕੀਤਾ ਗਿਆ ਸੀ ਤੇ ਚੀਨੀ ਨਜ਼ਰਬੰਦੀ ਕੈਂਪ ਵਿਚ ਬੰਦ ਕੀਤਾ ਗਿਆ ਹੈ। ਉਸ ਨੇ ਚੀਨੀ ਸ਼ਾਸਨ ਨੂੰ ਮਨੁੱਖਤਾ ਖਿਲਾਫ ਅਪਰਾਧ ਲਈ ਜ਼ਿੰਮੇਵਾਰ ਠਹਿਰਾਇਆ। 

ਜ਼ਿਕਰਯੋਗ ਹੈ ਕਿ ਰੁਸ਼ਨ ਦਾ ਜਨਮ ਸ਼ਿੰਜਿਆਂਗ ਦੀ ਰਾਜਧਾਨੀ ਵਿਚ ਹੋਇਆ ਤੇ ਉਸ ਨੇ ਅਮਰੀਕਾ ਜਾ ਕੇ ਪੜ੍ਹਾਈ ਕੀਤੀ। ਉਸ ਨੇ ਪਲਾਂਟ ਪੈਥਾਲਾਜੀ ਦੀ ਪੜ੍ਹਾਈ ਕੀਤੀ ਤੇ ਉਹ ਉਈਗਰਾਂ ਦੇ ਮਨੁੱਖੀ ਅਧਿਕਾਰਾਂ ਲਈ ਇਕ ਮੁੱਖ ਕਾਰਜਕਰਤਾ ਅਤੇ ਵਕੀਲ ਬਣੀ। 
ਸਤੰਬਰ 2018 ਵਿਚ ਉਸ ਨੇ ਚੀਨ ਦੇ ਝੂਠੇ ਚਿਹਰੇ ਨੂੰ ਸਭ ਦੇ ਸਾਹਮਣੇ ਲਿਆਉਣ ਵਾਲੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ ਤੇ 6 ਦਿਨ ਬਾਅਦ ਉਸ ਦੀ ਭੈਣ ਤੇ ਚਾਚੀ ਨੂੰ ਅਗਵਾ ਕਰ ਲਿਆ ਗਿਆ। 
ਉਨ੍ਹਾਂ ਦੱਸਿਆ ਕਿ ਚੀਨ ਵਿਚ ਲੋਕਾਂ ਨੂੰ ਅਗਵਾ ਕਰਨ, ਜ਼ਬਰਦਸਤੀ ਵਿਆਹ, ਸਮੂਹਿਕ ਬਲਾਤਕਾਰ, ਜ਼ਬਰਦਸਤੀ ਗਰਭਪਾਤ, ਜ਼ਬਰਦਸਤੀ ਨਸਬੰਦੀ, ਗ੍ਰਿਫਤਾਰੀ, ਬੱਚਿਆਂ ਨੂੰ ਅਗਵਾ ਕਰਨਾ, ਉਨ੍ਹਾਂ ਦੇ ਸਰੀਰ ਦੇ ਅੰਗ ਕੱਟਣਾ ਤੇ ਬਰੇਨ ਵਾਸ਼ ਵਰਗੇ ਅਪਰਾਧ ਹੁੰਦੇ ਹਨ। 


Lalita Mam

Content Editor

Related News