ਈਰਾਨ ''ਚ ਤਿੰਨ ਮਹਿਲਾ ਪੱਤਰਕਾਰ ਗ੍ਰਿਫ਼ਤਾਰ

Tuesday, Jan 24, 2023 - 06:19 PM (IST)

ਈਰਾਨ ''ਚ ਤਿੰਨ ਮਹਿਲਾ ਪੱਤਰਕਾਰ ਗ੍ਰਿਫ਼ਤਾਰ

ਤਹਿਰਾਨ (ਵਾਰਤਾ) ਈਰਾਨ ਦੀ ਰਾਜਧਾਨੀ ਤਹਿਰਾਨ 'ਚ ਪਿਛਲੇ ਦੋ ਦਿਨਾਂ ਤੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨਾਂ ਦੀ ਕਵਰੇਜ ਕਰ ਰਹੀਆਂ ਤਿੰਨ ਮਹਿਲਾ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਇਸਲਾਮੀ ਗਣਰਾਜ ਦੇ "ਵਿਰੋਧੀਆਂ" ਦੁਆਰਾ ਭੜਕਾਏ ਗਏ ਦੰਗਿਆਂ ਵਿੱਚ ਸੁਰੱਖਿਆ ਬਲਾਂ ਦੇ ਮੈਂਬਰਾਂ ਸਮੇਤ ਸੈਂਕੜੇ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਸੁਧਾਰਵਾਦੀ ਅਖ਼ਬਾਰ ਏਤੇਮਾਦ ਨੇ ਤਹਿਰਾਨ ਜਰਨਲਿਸਟਸ ਐਸੋਸੀਏਸ਼ਨ ਦੇ ਹਵਾਲੇ ਨਾਲ ਕਿਹਾ ਕਿ "ਤਹਿਰਾਨ ਵਿੱਚ ਪਿਛਲੇ 48 ਘੰਟਿਆਂ ਵਿੱਚ ਘੱਟੋ-ਘੱਟ ਤਿੰਨ ਮਹਿਲਾ ਪੱਤਰਕਾਰਾਂ- ਮੇਲਿਕਾ ਹਾਸ਼ਮੀ, ਸੈਦੇਹ ਸ਼ਫੀਈ ਅਤੇ ਮੇਹਰਨੌਸ਼ ਜ਼ਰੇਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।" ਅਖ਼ਬਾਰ ਨੇ ਦੱਸਿਆ ਕਿ ਤਿੰਨਾਂ ਔਰਤਾਂ ਨੂੰ ਏਵਿਨ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੀਆਂ ਗਈਆਂ ਕਈ ਔਰਤਾਂ ਨੂੰ ਰੱਖਿਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੇ ਸੀਨੀਅਰ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ 'ਤੇ ਕਾਰਵਾਈ ਦੌਰਾਨ ਦਿੱਤੇ ਅਸਤੀਫੇ 

ਸਥਾਨਕ ਮੀਡੀਆ ਦੇ ਅਨੁਸਾਰ ਸ਼ਫੀ ਇੱਕ ਸੁਤੰਤਰ ਪੱਤਰਕਾਰ ਅਤੇ ਨਾਵਲਕਾਰ ਹੈ, ਜਦੋਂ ਕਿ ਜ਼ਰੇਈ ਵੱਖ-ਵੱਖ ਸੁਧਾਰਵਾਦੀ ਪ੍ਰਕਾਸ਼ਨਾਂ ਲਈ ਲਿਖਦੀ ਹੈ ਅਤੇ ਹਾਸ਼ਮੀ 'ਸ਼ਹਿਰ' ਨਾਮਕ ਇੱਕ ਆਉਟਲੈਟ ਲਈ ਕੰਮ ਕਰਦੀ ਹੈ। ਗੌਰਤਲਬ ਹੈ ਕਿ 22 ਸਾਲਾ ਮਹਿਸਾ ਅਮੀਨ ਦੀ ਹਿਰਾਸਤ ਵਿਚ ਮੌਤ ਤੋਂ ਬਾਅਦ ਪੂਰੇ ਈਰਾਨ ਵਿਚ ਸਰਕਾਰ ਵਿਰੁੱਧ ਪ੍ਰਦਰਸ਼ਨ ਜਾਰੀ ਹਨ, ਜਿਸ ਨੂੰ ਚਾਰ ਮਹੀਨੇ ਪਹਿਲਾਂ ਬੁਰਕਾ ਨਾ ਪਹਿਨ ਕੇ ਦੇਸ਼ ਦੇ ਸਖ਼ਤ ਪਹਿਰਾਵੇ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰਦਰਸ਼ਨਾਂ ਦੀ ਕਵਰੇਜ ਕਰਦੇ ਹੋਏ ਹੁਣ ਤੱਕ ਘੱਟੋ-ਘੱਟ 80 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News