ਇਟਲੀ ਦੇ ਵੇਰੋਨਾ ''ਚ ਭਿਆਨਕ ਧਮਾਕਾ, ਕਾਰਾਬਿਨੇਰੀ ਪੁਲਸ ਦੇ 3 ਮੁਲਾਜ਼ਮਾਂ ਦੀ ਦਰਦਨਾਕ ਮੌਤ
Wednesday, Oct 15, 2025 - 04:16 AM (IST)

ਵੇਰੋਨਾ, ਇਟਲੀ (ਦਲਵੀਰ ਸਿੰਘ ਕੈਂਥ) : ਉੱਤਰੀ ਇਟਲੀ ਦੇ ਪ੍ਰਸਿੱਧ ਸ਼ਹਿਰ ਵੇਰੋਨਾ ਦੇ ਇਲਾਕੇ ਵਿੱਚ ਬੀਤੇ ਦਿਨ ਇੱਕ ਨਿਕਾਸੀ ਕਾਰਜ ਦੌਰਾਨ ਹੋਏ ਧਮਾਕੇ ਤੋਂ ਬਾਅਦ ਕਾਰਾਬਿਨੇਰੀ ਪੁਲਸ ਦੇ 3 ਮੁਲਾਜ਼ਮਾਂ ਦੀ ਮੌਤ ਅਤੇ ਹਥਿਆਰਬੰਦ ਸੈਨਾਵਾਂ, ਫਾਇਰਫਾਈਟਰਾਂ ਅਤੇ ਪੁਲਸ ਮੁਲਾਜ਼ਮਾਂ ਸਮੇਤ 13 ਹੋਰ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਨਾਲ ਆਸਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਘਟਨਾ 'ਤੇ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੌਰਜੀਆ ਮੇਲੋਨੀ ਸਮੇਤ ਦੇਸ਼ ਦੇ ਰਾਜਨੀਤਿਕ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਸੂਰਬੀਰ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਸਾਡੀ ਸਰਕਾਰ ਦੀਆਂ ਸੰਵੇਦਨਾਵਾਂ ਪੀੜਤਾਂ ਦੇ ਪਰਿਵਾਰਾਂ ਨਾਲ ਹਨ। ਮੈਂ ਨਿੱਜੀ ਤੌਰ 'ਤੇ ਇੱਕ ਫ਼ੋਨ ਕਾਲ ਵਿੱਚ ਹਥਿਆਰਬੰਦ ਸੈਨਾਵਾਂ ਦੇ ਕਾਰਾਬਿਨੇਰੀ ਦੇ ਕਮਾਂਡਰ-ਇਨ-ਚੀਫ਼ ਨਾਲ ਇਸ ਘਟਨਾ ਦਾ ਦੁੱਖ ਪ੍ਰਗਟ ਕੀਤਾ ਹੈ ਅਤੇ ਇਸ ਘਟਨਾ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਇਸ ਘਟਨਾ ਵਿੱਚ ਵੀ ਜੋ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੇਸ਼ ਦੇ ਸਾਰੇ ਪੁਲਸ ਬਲਾਂ ਅਤੇ ਫਾਇਰਫਾਈਟਰਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਜੋ ਰਾਜ ਦੀ ਸੇਵਾ ਵਿੱਚ ਹਰ ਰੋਜ਼ ਸਮਰਪਣ ਅਤੇ ਹਿੰਮਤ ਨਾਲ ਕੰਮ ਕਰਦੇ ਹਨ, ਦੇਸ਼ ਉਨ੍ਹਾਂ 'ਤੇ ਹਮੇਸ਼ਾ ਮਾਣ ਮਹਿਸੂਸ ਕਰਦਾ ਰਹੇਗਾ। ਉਨ੍ਹਾਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ ਅਤੇ ਡਾਕਟਰੀ ਸਟਾਫ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਬਹੁਤ ਹੀ ਜਲਦੀ ਅਤੇ ਪੇਸ਼ੇਵਰਤਾ ਨਾਲ ਕੰਮ ਕੀਤਾ। ਇਸ ਹਾਦਸੇ ਵਿੱਚ ਮਰਨ ਵਾਲੇ ਕਾਰਾਬਿਨੇਰੀ ਅਫਸਰਾਂ ਮਾਰਕੋ ਪਿਫਾਰੀ, ਵੈਲੇਰੀਓ ਡਾਪਰਾ ਅਤੇ ਡੇਵਿਡ ਬਰਨਾਰਡੇਲੋ ਦੀ ਮੌਤ ਨਾਲ ਇਟਲੀ ਭਰ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8