ਇਟਲੀ ਦੇ ਸ਼ਹਿਰ ਤੈਰਨੀ ਵਿਖੇ ਜੈਕਾਰਿਆਂ ਦੀ ਗੂੰਜ ''ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
Wednesday, Oct 08, 2025 - 05:47 PM (IST)

ਮਿਲਾਨ ਇਟਲੀ (ਸਾਬੀ ਚੀਨੀਆ)- ਗੁਰਦੁਆਰਾ ਸਿੰਘ ਸਭਾ ਤੈਰਨੀ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲੌਕਿਕ ਨਗਰ ਕੀਰਤਨ ਬੜੀ ਹੀ ਸ਼ਾਨੋ-ਸ਼ੌਕਤ ਤੇ ਚੜ੍ਹਦੀ ਕਲਾ ਦੇ ਨਾਲ ਸਜਾਇਆ ਗਿਆ।
ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ ਫਿਰ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚੋਂ ਹੁੰਦੇ ਹੋਏ ਨਗਰ ਕੀਰਤਨ ਸ਼ਹਿਰ ਦੇ ਮੇਨ ਚੌਂਕ ਵਿੱਚ ਪਹੁੰਚਿਆ ਜਿੱਥੇ ਖੁੱਲੇ ਪੰਡਾਲ ਹਾਲ ਸਜਾਏ ਗਏ। ਇਸ ਮੌਕੇ ਆਏ ਹੋਏ ਕਵੀਸ਼ਰੀ ਵਾਲੇ ਸਿੰਘਾਂ ਵੱਲੋਂ ਆਈਆਂ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਦੇ ਨਾਲ ਨਿਹਾਲ ਕੀਤਾ ਗਿਆ ਅਤੇ ਨੌਜਵਾਨਾਂ ਵੱਲੋਂ ਗਤਕਾ ਕਲਾ ਦੇ ਜੌਹਰ ਵਿਖਾਏ ਗਏ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜਥਿਆਂ ਅਤੇ ਹੋਰਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਦੇ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਨੌਜਵਾਨਾਂ ਵੱਲੋਂ ਆਈਆ ਹੋਈਆ ਸੰਗਤਾਂ ਦੇ ਲਈ ਵੱਖ-ਵੱਖ ਸਟਾਲਾਂ ਦੇ ਰੂਪ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਸੇਵਾਦਾਰਾਂ ਵੱਲੋਂ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਸ਼ਹਿਰ ਦੀਆਂ ਪੂਰੀਆਂ ਗਲੀਆਂ ਨੂੰ ਸੁਚੱਜੇ ਤਰੀਕੇ ਦੇ ਨਾਲ ਸਾਫ ਕੀਤਾ ਗਿਆ ਉੱਥੇ ਹੀ ਫੁੱਲਾਂ ਦੀ ਵਰਖਾ ਕੀਤੀ ਗਈ। ਪੰਜ ਨਿਸ਼ਾਨਚੀ ਸਿੰਘਾਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਵਿੱਚ ਸੰਗਤਾਂ ਨੇ ਦੂਰ ਦੁਰਾਡੇ ਤੋਂ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e