3 ਮਹੀਨੇ ਪਹਿਲਾਂ ਇਟਲੀ ਗਏ ਪੰਜਾਬੀ ਦੀ ਮੌਤ, ਪਰਿਵਾਰ ਨੇ ਪੁੱਤ ਦੀ ਲਾਸ਼ ਭਾਰਤ ਭੇਜਣ ਲਈ ਭਾਰਤੀ ਅੰਬੈਸੀ ਰੋਮ ਨੂੰ ਕੀਤੀ ਅਪੀਲ
Monday, Oct 06, 2025 - 08:02 PM (IST)

ਰੋਮ (ਦਲਵੀਰ ਸਿੰਘ ਕੈਂਥ)-ਇਟਲੀ ਦੇ ਮਾਤੇਰਾ ਇਲਾਕੇ ਵਿੱਚ ਇੱਕ ਕਾਰ ਤੇ ਟਰੱਕ ਦੀ ਟੱਕਰ ਵਿੱਚ ਮਾਰੇ ਗਏ 4 ਪੰਜਾਬੀਆਂ ਵਿਚੋਂ ਇੱਕ ਮਰਹੂਮ ਜਸਕਰਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੁਰਖਾਲੀ ਜਿ਼ਲ੍ਹਾ ਰੋਪੜ ਦਾ ਮਹਿਜ 20 ਸਾਲ ਦਾ ਇਹ ਨੌਜਵਾਨ ਹਾਲੇ ਜੁਲਾਈ 2025 ਨੂੰ ਹੀ ਘਰ ਦੀ ਗਰੀਬੀ ਦੂਰ ਕਰਨ ਤੇ ਭੱਵਿਖ ਬਿਹਤਰ ਬਣਾਉਣ 12-13 ਲੱਖ ਕਰਜ਼ਾ ਚੁੱਕ ਇਟਲੀ ਆਇਆ ਸੀ ਤੇ ਇੱਥੇ ਖੇਤਾਂ ਵਿੱਚ ਦਿਹਾੜੀ-ਦੱਪਾ ਕਰ ਕਰਜ਼ਾ ਮੋੜਨ ਲਈ ਦਿਨ-ਰਾਤ ਇੱਕ ਕਰ ਰਿਹਾ ਸੀ ਕਿ ਅਚਾਨਕ ਹੋਣੀ ਨੇ ਉਸ ਨੂੰ ਦਬੋਚ ਲਿਆ।ਜਗਬਾਣੀ ਨਾਲ ਮਰਹੂਮ ਜਸਕਰਨ ਸਿੰਘ ਦੇ ਭੂਆ ਦੇ ਮੁੰਡੇ ਲਖਵਿੰਦਰ ਸਿੰਘ ਨੇ ਫੋਨ ਰਾਹੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਮਾਮਾ ਕੁਲਵਿੰਦਰ ਸਿੰਘ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਤੇ ਰਕਮ ਕਰਜ਼ਾ ਚੁੱਕ ਉਸ ਨੇ ਇਕਲੌਤੇ ਪੁੱਤ ਨੂੰ ਇਟਲੀ ਭੇਜਿਆ ਸੀ ਕਿ ਉਨ੍ਹਾਂ ਦਾ ਬੁੱਢਾਪਾ ਚੰਗਾ ਨਿਕਲ ਜਾਵੇਗਾ ਪਰ ਕੀ ਪਤਾ ਸੀ ਕਿ ਇਟਲੀ ਤੋਂ ਹੁਣ ਪੁੱਤ ਨਹੀਂ ਸਗੋਂ ਉਸ ਦੀ ਲਾਸ਼ ਹੀ ਆਵੇਗੀ।
ਜਸਕਰਨ ਸਿੰਘ ਦੇ ਐਕਸੀਡੈਂਟ ਖ਼ਬਰ ਉਨ੍ਹਾਂ ਅੱਜ ਜਦੋਂ ਜਗਬਾਣੀ ਵਿੱਚ ਪੜ੍ਹੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ।ਸਾਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।ਲਖਵਿੰਦਰ ਸਿੰਘ ਇਟਲੀ ਦੇ ਭਾਰਤੀ ਭਾਈਚਾਰੇ ਤੇ ਭਾਰਤੀ ਅੰਬੈਸੀ ਰੋਮ ਨੂੰ ਗੁਜਾਰਿਸ਼ ਕੀਤੀ ਹੈ ਕਿ ਮਰਹੂਮ ਜਸਕਰਨ ਸਿੰਘ ਲਾਸ਼ ਨੂੰ ਭਾਰਤ ਭੇਜਣ ਵਿੱਚ ਉਹ ਮਦਦ ਕਰਨ ਤਾਂ ਜੋ ਮਾਪਿਆਂ ਨੂੰ ਜਿਗਰ ਦੇ ਟੁੱਕੜੇ ਦੀ ਮੌਤ ਦਾ ਯਕੀਨ ਆ ਜਾਵੇ।
ਜਿਕਰਯੋਗ ਹੈ ਕਿ ਭਾਰਤੀ ਅੰਬੈਸੀ ਰੋਮ ਵੀ ਇਸ ਘਟਨਾ ਵਿੱਚ ਮਰੇ ਪੰਜਾਬੀਆਂ ਦੀ ਸਨਾਖਤ ਕਰਨ ਲਈ ਪਰਿਵਾਰ ਨਾਲ ਰਾਫ਼ਤਾ ਕਰਨ ਦੀ ਕੋਸਿ਼ਸ ਵਿੱਚ ਹੈ ਪਰ ਹੁਣ ਤੱਕ ਮਰਨ ਵਾਲੇ ਸਾਰੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਨਹੀਂ ਬਣ ਸਕਿਆ ਜਿਸ ਲਈ ਕਾਫ਼ੀ ਜੱਦੋ-ਜਹਿਦ ਚੱਲ ਰਹੀ ਹੈ।