ਦੱਖਣੀ ਕੈਲੀਫੋਰਨੀਆ ''ਚ ਅੱਗ ਦੇ ਖ਼ਤਰੇ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਬੰਦ
Friday, Dec 04, 2020 - 08:51 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਦੱਖਣੀ ਕੈਲੀਫੋਰਨੀਆ ਦੀਆਂ ਬਿਜਲੀ ਕੰਪਨੀਆਂ ਨੇ ਜੰਗਲੀ ਅੱਗ ਦੇ ਖ਼ਤਰੇ ਤੋਂ ਬਚਣ ਲਈ ਖੇਤਰ ਵਿੱਚ ਸੈਂਕੜੇ ਘਰਾਂ ਦੀ ਬਿਜਲੀ ਨੂੰ ਬੰਦ ਕਰ ਦਿੱਤਾ ਕਿਉਂਕਿ ਇਸ ਖੇਤਰ ਵਿੱਚ ਸੈਂਟਾ ਐਨਾ ਹਵਾਵਾਂ ਦਾ ਖ਼ਤਰਾ ਛਾਇਆ ਹੋਇਆ ਹੈ ਜੋ ਕਿ ਤੂਫਾਨ ਨੂੰ ਤਬਾਹੀ ਵਿਚ ਬਦਲ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਬਹੁਤ ਸਾਰੇ ਖੇਤਰ ਵਿਚ ਵੀਰਵਾਰ ਨੂੰ ਬਹੁਤ ਘੱਟ ਨਮੀ ਅਤੇ ਹਵਾਵਾਂ ਜੋ ਕਿ 35 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਲੰਘ ਸਕਦੀਆਂ ਹਨ ਅਤੇ ਇਹ 50 ਮੀਲ ਪ੍ਰਤੀ ਘੰਟਾ ਤੋਂ 70 ਤੱਕ ਵੀ ਪਹੁੰਚ ਸਕਦੀਆਂ ਹਨ। ਮੌਸਮ ਸੇਵਾ ਅਨੁਸਾਰ ਇਹ ਚਿਤਾਵਨੀ ਸ਼ਨੀਵਾਰ ਤੱਕ ਸਹੀ ਸਾਬਤ ਹੋ ਸਕਦੀ ਹੈ। ਇਸ ਤਰ੍ਹਾਂ ਦੇ ਮੌਸਮ ਕਰਕੇ ਅੱਗ ਦੇ ਖਤਰੇ ਨੂੰ ਰੋਕਣ ਲਈ ਦੱਖਣੀ ਕੈਲੀਫੋਰਨੀਆ ਬਿਜਲੀ ਕੰਪਨੀ ਐਡੀਸਨ ਵਲੋਂ ਬੁੱਧਵਾਰ ਦੇਰ ਰਾਤ ਤਕਰੀਬਨ 15,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਬੰਦ ਕੀਤੀ ਗਈ।
ਇਸ ਦੇ ਨਾਲ ਹੀ ਸੈਨ ਡੀਏਗੋ ਗੈਸ ਐਂਡ ਇਲੈਕਟ੍ਰਿਕ ਨੇ ਵੀ ਬੁੱਧਵਾਰ ਦੀ ਰਾਤ ਤਕ ਲਗਭਗ 24,000 ਗਾਹਕਾਂ ਦੀ ਬਿਜਲੀ ਸੇਵਾ ਬੰਦ ਕੀਤੀ ਹੈ। ਕੈਲੀਫੋਰਨੀਆ ਪਹਿਲਾਂ ਹੀ ਜੰਗਲਾਂ ਦੀ ਅੱਗ ਦਾ ਸਾਹਮਣਾ ਕਰ ਚੁੱਕਾ ਹੈ। ਜੰਗਲੀ ਅੱਗਾਂ ਕਾਰਨ ਸੂਬੇ ਦਾ 6,500 ਵਰਗ ਮੀਲ (16,835 ਵਰਗ ਕਿਲੋਮੀਟਰ) ਤੋਂ ਵੱਧ ਖੇਤਰ ਨਸ਼ਟ ਹੋ ਗਿਆ ਸੀ ਜੋ ਕਿ ਕਨੈਟੀਕਟ ਅਤੇ ਰ੍ਹੋਡ ਆਈਲੈਂਡ ਦੇ ਸੰਯੁਕਤ ਖੇਤਰ ਨਾਲੋਂ ਜ਼ਿਆਦਾ ਹੈ। ਇੰਨਾ ਹੀ ਨਹੀ ਇਸ ਉਜਾੜੇ ਵਿਚ 31 ਲੋਕ ਮਾਰੇ ਗਏ ਜਦਕਿ ਤਕਰੀਬਨ 10,500 ਘਰ ਅਤੇ ਹੋਰ ਸਥਾਨ ਨਸ਼ਟ ਹੋਏ ਸਨ।