ਯੂਕੇ ਵਿਚ ਬੇਘਰਿਆਂ ਦੀ ਹਮਾਇਤ ਵਿਚ ਹਜ਼ਾਰਾਂ ਲੋਕਾਂ ਨੇ ਘਰੋਂ ਬਾਹਰ ਲੰਘਾਈ ਰਾਤ
Sunday, Dec 08, 2019 - 03:39 PM (IST)

ਲੰਡਨ(ਆਈ.ਏ.ਐਨ.ਐਸ.)- ਦੇਸ਼ ਵਿਚ ਬੇਘਰਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਕੋਸ਼ਿਸ਼ ਦੇ ਹਿੱਸੇ ਵਜੋਂ ਬਰਤਾਨੀਆ ਵਿਚ ਹਜ਼ਾਰਾਂ ਲੋਕਾਂ ਨੇ ਪੂਰੀ ਰਾਤ ਖੁੱਲ੍ਹੇ ਵਿਚ ਲੰਘਾਈ। ਮੀਡੀਆ ਰਿਪੋਰਟ ਵਿਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਲੰਡਨ, ਐਡਿਨਬਰਗ ਤੇ ਕਾਰਡਿਫ ਵਿਚ ਸ਼ਨੀਵਾਰ ਰਾਤ ਨੂੰ ਵਰਲਡ ਬਿਗ ਸਲੀਪ ਆਊਟ ਵਿਚ ਮਸ਼ਹੂਰ ਹਸਤੀਆਂ ਸਣੇ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਨੇ ਨਿਊਯਾਰਕ, ਬ੍ਰਿਸਬੇਨ ਤੇ ਡਬਲਿਨ ਸਣੇ ਹੋਰਾਂ ਸ਼ਹਿਰਾਂ ਵਿਚ 50,000 ਤੋਂ ਵਧੇਰੇ ਲੋਕਾਂ ਦੇ ਇਸ ਵਿਚ ਹਿੱਸਾ ਲੈਣ ਦੀ ਉਮੀਦ ਜਤਾਈ। ਇਸ ਪਹਿਲਕਦਮੀ ਨਾਲ ਬੇਘਰ ਲੋਕਾਂ ਲਈ 50 ਮਿਲੀਅਨ ਡਾਲਰ ਇਕੱਠੇ ਹੋਣ ਦੀ ਉਮੀਦ ਹੈ। ਲੰਡਨ ਦੇ ਟ੍ਰੈਫਲਗਰ ਸਕੁਆਇਰ ਵਿਚ ਲੋਕਾਂ ਨੇ ਲਗਭਗ 10 ਡਿਗਰੀ ਸੈਲਸੀਅਸ ਤਾਪਮਾਨ ਤੇ ਭਾਰੀ ਬਾਰਸ਼ ਦਾ ਸਾਹਮਣਾ ਕੀਤਾ। ਸਮਰਥਕਾਂ ਨੇ ਕਿਹਾ ਕਿ ਬੇਘਰ ਲੋਕ ਰੋਜ਼ਾਨਾ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਦੇ ਹਨ।
ਸਰਕਾਰੀ ਰੱਫ ਸਲੀਪਰਜ਼ ਇਕਾਈ ਦੀ ਸਾਬਕਾ ਮੁਖੀ ਤੇ ਬਿਗ ਸਲੀਪ ਆਊਟ ਦੀ ਟਰੱਸਟੀ ਲੂਈਸ ਕੇਸੀ ਨੇ ਬੀਬੀਸੀ ਨੂੰ ਦੱਸਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਸਮਾਗਮ ਕਾਰਗਰ ਸਾਬਿਤ ਹੋਵੇਗਾ। ਇਸ ਦੌਰਾਨ ਐਡਿਨਬਰਗ ਵਿਚ ਦਿੱਗਜ ਅਦਾਕਾਰ ਬ੍ਰਾਇਨ ਕੋਕਸ ਨੇ ਵੈਸਟ ਪ੍ਰਿੰਸ ਸਟ੍ਰੀਟ ਗਾਰਡਨਜ਼ ਤੇ ਨਿਊਯਾਰਕ ਵਿਚ ਫਿਲਮ ਸਟਾਰ ਵਿੱਲ ਸਮਿੱਥ ਨੇ ਇਕ ਭਾਸ਼ਣ ਦਿੱਤਾ। ਬ੍ਰਿਟੇਨ ਦੇ ਨੈਸ਼ਨਲ ਸਟੈਟਿਸਟਿਕਸ ਦੇ ਦਫਤਰ ਨੇ ਕਿਹਾ ਹੈ ਕਿ ਇੰਗਲੈਂਡ, ਵੇਲਸ ਤੇ ਉੱਤਰੀ ਆਇਰਲੈਂਡ ਵਿਚ ਸੜਕਾਂ 'ਤੇ ਸੌਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਵਰਲਡ ਬਿਗ ਸਲੀਪ ਮੁਹਿੰਮ ਜੋਸ਼ ਲਿਟਲਜੋਹਨ ਵਲੋਂ ਬਣਾਈ ਗਈ ਸੀ, ਜੋ ਸਕਾਟਿਸ਼ ਚੈਰਿਟੀ ਤੇ ਸੈਂਡਵਿਚ ਦੁਕਾਨ ਸੋਸ਼ਲ ਬਾਈਟ ਦੇ ਸਹਿ-ਸੰਸਥਾਪਕ ਹਨ। ਚੈਰਿਟੀ ਨੇ ਹਾਲੀਵੁੱਡ ਅਭਿਨੇਤਾ ਜੋਰਜ ਕਲੋਨੀ ਤੇ ਲਿਓਨਾਰਡੋ ਡੀਕੈਪ੍ਰਿਓ ਸਮੇਤ ਕਈ ਮਸ਼ਹੂਰ ਹਸਤੀਆਂ ਦੀ ਮੇਜ਼ਬਾਨੀ ਕੀਤੀ।