ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ

Thursday, Jun 10, 2021 - 12:37 PM (IST)

ਇੰਟਰਨੈਸ਼ਨਲ ਡੈਸਕ : ਭਾਰਤ ’ਚ ਕੋਰੋਨਾ ਵਾਇਰਸ ਨੇ ਇਸ ਸਮੇਂ ਜਿਥੇ ਆਪਣਾ ਕਹਿਰ ਮਚਾਇਆ ਹੋਇਆ ਹੈ ਤੇ ਵੱਡੀ ਗਿਣਤੀ ’ਚ ਪਾਜ਼ੇਟਿਵ ਕੇਸ ਆਉਣ ਦੇ ਨਾਲ-ਨਾਲ ਹਜ਼ਾਰਾਂ ਦੀ ਗਿਣਤੀ ’ਚ ਮੌਤਾਂ ਵੀ ਹੋ ਰਹੀਆਂ ਹਨ, ਉਥੇ ਹੀ ਦੁਨੀਆ ’ਚ ਕਈ ਅਜਿਹੇ ਦੇਸ਼ ਵੀ ਹਨ, ਜਿਨ੍ਹਾਂ ਨੇ ਕੋਰੋਨਾ ਵਾਇਰਸ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ ਤੇ ਉਹ ਆਪਣੇ ਆਪ ਨੂੰ ਕੋਰੋਨਾ ਤੋਂ ਮੁਕਤ ਦੱਸ ਰਹੇ ਹਨ।

ਇਜ਼ਰਾਈਲ : ਅਜਿਹੇ ਦੇਸ਼ਾਂ ਦੀ ਗੱਲ ਕਰਦਿਆਂ ਸਭ ਤੋਂ ਪਹਿਲਾ ਨਾਂ ਆਉਂਦਾ ਹੈ ਇਜ਼ਰਾਈਲ ਦਾ, ਜਿਸ ਨੇ ਖੁਦ ਨੂੰ ਕੋਰੋਨਾ ਮੁਕਤ ਐਲਾਨ ਦਿੱਤਾ ਹੈ। ਇਥੋਂ ਦੀ ਸਰਕਾਰ ਨੇ ਫੇਸ ਮਾਸਕ ਲਾਉਣ ਦੇ ਜ਼ਰੂਰੀ ਨਿਯਮ ਨੂੰ ਖਤਮ ਕਰ ਦਿੱਤਾ ਭਾਵ ਹੁਣ ਦੇਸ਼ ਅੰਦਰ ਮਾਸਕ ਪਾਉਣਾ ਲਾਜ਼ਮੀ ਨਹੀਂ ਰਿਹਾ। ਇਸ ਦੇ ਨਾਲ ਹੀ ਤਕਰੀਬਨ 70 ਫੀਸਦੀ ਆਬਾਦੀ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।

ਭੂਟਾਨ : ਭੂਟਾਨ ਵੀ ਇਕ ਅਜਿਹਾ ਦੇਸ਼ ਹੈ, ਜਿਥੇ ਵੈਕਸੀਨ ਰਾਹੀਂ ਕੋਰੋਨਾ ਖਿਲਾਫ ਜੰਗ ਜਿੱਤੀ ਗਈ ਤੇ ਸਿਰਫ ਦੋ ਹਫਤਿਆਂ ਦੇ ਅੰਦਰ ਹੀ ਇਸ ਦੇਸ਼ ਦੀ 90 ਫੀਸਦੀ ਤੋਂ ਵੱਧ ਬਾਲਗ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਗਈ। ਇਥੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ਅੰਦਰ ਸਿਰਫ ਇਕ ਮੌਤ ਹੋਈ ਹੈ, ਹਾਲਾਂਕਿ ਭੂਟਾਨ ਭਾਰਤ ਤੇ ਚੀਨ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ ਤੇ ਸਮੇਂ ’ਤੇ ਕੀਤੀ ਕਾਰਵਾਈ ਕਾਰਨ ਇਹ ਦੇਸ਼ ਅੱਜ ਤਕ ਕਿਸੇ ਮਹਾਮਾਰੀ ਦੀ ਲਪੇਟ ’ਚ ਨਹੀਂ ਆਇਆ।

ਨਿਊਜ਼ੀਲੈਂਡ : ਮਹਾਮਾਰੀ ਨਾਲ ਚੰਗੀ ਤਰ੍ਹਾਂ ਨਜਿੱਠਣ ਲਈ ਨਿਊਜ਼ੀਲੈਂਡ ਦੀ ਵੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਦੇਸ਼ ਨੇ ਆਪਣੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਦੀ ਬਦੌਲਤ ਦੇਸ਼ ’ਚ ਸਿਰਫ 26 ਮੌਤਾਂ ਦੀ ਪੁਸ਼ਟੀ ਹੋਈ ਹੈ। ਸਰਕਾਰ ਦੀ ਕਾਰਵਾਈ ਤੇ ਫ਼ੈਸਲਿਆਂ ਕਾਰਨ ਨਿਊਜ਼ੀਲੈਂਡ ਅੱਜ ਮਾਸਕ ਫ੍ਰੀ ਦੇਸ਼ ਬਣ ਗਿਆ ਹੈ। ਕੁਝ ਦਿਨ ਪਹਿਲਾਂ ਔਕਲੈਂਡ ’ਚ ਇਕ ਕੰਸਰਟ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ ਬਿਨਾਂ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਲਗਾਏ ਤਕਰੀਬਨ 50 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ।

ਚੀਨ : ਚੀਨ ਜੋ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਵਿਚ ਲੱਗਭਗ ਸਾਰੇ ਨਾਗਰਿਕਾਂ ਨੂੰ ਵੈਕਸੀਨ ਮਿਲ ਚੁੱਕੀ ਹੈ, ਜਿਸ ਦੀ ਵਜ੍ਹਾ ਨਾਲ ਇਹ ਦੇਸ਼ ਮਾਸਕ ਫ੍ਰੀ ਬਣ ਗਿਆ। ਚੀਨ ਦੁਨੀਆ ਦੇ ਸਭ ਤੋਂ ਗੰਭੀਰ ਤੌਰ ’ਤੇ ਪ੍ਰਭਾਵਿਤ ਹੋਏ ਦੇਸ਼ਾਂ ’ਚੋਂ ਇਕ ਸੀ ਪਰ ਮੌਜੂਦਾ ਸਮੇਂ ’ਚ ਇਸ ਨੇ ਸੈਲਾਨੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਥੇ ਜ਼ਿਆਦਾਤਰ ਥੀਮ ਪਾਰਕ, ਰੈਸਟੋਰੈਂਟ ਅਤੇ ਹੋਟਲ ਪੂਰੀ ਤਰ੍ਹਾਂ ਨਾਲ ਖੁੱਲ੍ਹ ਗਏ ਹਨ।

ਅਮਰੀਕਾ : ਜੇ ਗੱਲ ਕਰੀਏ ਭਾਰਤ ਦੇ ਕਰੀਬੀ ਦੋਸਤ ਅਮਰੀਕਾ ਦੀ ਤਾਂ ਇਥੇ ਕੁਝ ਥਾਵਾਂ ’ਤੇ ਪੂਰੀ ਤਰ੍ਹਾਂ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਮਾਸਕ ਫ੍ਰੀ ਰਹਿਣ ਲਈ ਕਿਹਾ ਗਿਆ ਹੈ। ਸੈਂਟਰ ਆਫ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇਕ ਹੋਰ ਐਲਾਨ ਕੀਤਾ ਹੈ ਕਿ ਜੋ ਕੋਰੋਨਾ ਵਾਇਰਸ ਦੇ ਖ਼ਿਲਾਫ਼ ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਹਨ, ਉਨ੍ਹਾਂ ਨੂੰ ਪੈਦਲ, ਇਕੱਲੇ ਚੱਲਣ ਸਮੇਂ, ਦੌੜਦੇ ਹੋਏ ਜਾਂ ਬਾਈਕ ਚਲਾਉਣ ਸਮੇਂ ਬਾਹਰ ਮਾਸਕ ਪਾਉਣ ਦੀ ਲੋੜ ਨਹੀਂ ਹੈ।

 ਇਸੇ ਦਰਮਿਆਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਡਾਨੋਮ ਗੈਬਰੀਅਸ ਨੇ ਉਨ੍ਹਾਂ ਦੇਸ਼ਾਂ ’ਤੇ ਸਖ਼ਤ ਇਤਰਾਜ਼ ਜਤਾਇਆ ਹੈ, ਜਿਨ੍ਹਾਂ ਨੇ ਵੈਕਸੀਨ ਮੁਹਿੰਮ ਪੂਰੀ ਕਰਨ ਤੋਂ ਬਾਅਦ ਮਾਸਕ ਦੀ ਪਾਬੰਦੀ ਖਤਮ ਕਰ ਦਿੱਤੀ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਪਾਸੇ ਟੀਕਾਕਰਨ ਮੁਹਿੰਮ ਪੂਰੀ ਕਰ ਚੁੱਕੇ ਦੇਸ਼ ਪਾਬੰਦੀਆਂ ਹਟਾ ਰਹੇ ਹਨ, ਤਾਂ ਦੂਜੇ ਪਾਸੇ ਵਿਸ਼ਵ ਦੇ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਕਾਰਨ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਕੋਰੋਨਾ ਦੇ ਵੱਖ-ਵੱਖ ਰੂਪਾਂ ਕਾਰਨ ਇਸ ਮਹਾਮਾਰੀ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇ।


Manoj

Content Editor

Related News