ਅਮਰੀਕਾ ਦੇ ਫਰਿਜ਼ਨੋ ਵਿਖੇ 24 ਜੁਲਾਈ ਨੂੰ ਲੱਗੇਗਾ ਤੀਆਂ ਦਾ ਮੇਲਾ
Friday, Jul 23, 2021 - 09:24 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕੋਰੋਨਾ ਵਾਇਰਸ ਨਾਲ ਜੱਦੋ-ਜਹਿਦ ਕਰਨ ਦੇ ਤਕਰੀਬਨ ਡੇਢ ਸਾਲ ਬਾਅਦ ਜ਼ਿੰਦਗੀ ਮੁੜ ਲੀਹ 'ਤੇ ਆਉਣ ਲੱਗੀ ਹੈ। ਕੋਰੋਨਾ ਬੀਮਾਰੀ ਤੋਂ ਕੁਝ ਹੱਦ ਤੱਕ ਮਿਲੀ ਨਿਜਾਤ ਤੋਂ ਬਾਅਦ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਮੇਲਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਇਸੇ ਲੜੀ ਤਹਿਤ ਫਰਿਜ਼ਨੋ ’ਚ 24 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮ 3 ਵਜੇ ਗੋਲਡਨ ਪੈਲੇਸ ’ਚ ਤੀਆਂ ਦਾ ਮੇਲਾ ਲੱਗ ਰਿਹਾ ਹੈ।
ਇਹ ਵੀ ਪੜ੍ਹੋ : ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ ਨਵਜੋਤ ਸਿੱਧੂ, ਬੱਸ ਹਾਦਸੇ ਦੇ ਪੀੜਤਾਂ ਦਾ ਜਾਣਿਆ ਹਾਲ
ਸਾਉਣ ਮਹੀਨਾ ਦਿਨ ਤੀਆਂ ਦੇ, ਸਭੇ ਸਹੇਲੀਆਂ ਆਈਆਂ,
ਨੀ ਸੰਤੋਂ ਸ਼ਾਮੋ ਹੋਈਆਂ ਕੱਠੀਆਂ, ਵੱਡੇ ਘਰਾਂ ਦੀਆਂ ਜਾਈਆਂ,
ਨੀ ਗੈਰੀ ਦੀ ਵਹੁਟੀ ਦਾ, ਚਾਅ ਚੁੱਕਿਆ ਨਾ ਜਾਵੇ,
ਭੱਜ ਭੱਜ ਆਜੋ ਨੀ, ਗੋਲਡਨ ਪੈਲੇਸ ਪਿਆ ਬੁਲਾਵੇ।
ਇਸ ਮੇਲੇ ਵਿੱਚ ਗਿੱਧੇ, ਭੰਗੜੇ, ਬੋਲੀਆਂ, ਇਨਡੋਰ ਡਾਂਸ ਫਲੋਰ ਦੇ ਨਾਲ ਡੀ. ਜੇ. ਦਾ ਵੀ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ ਬ੍ਰਾਈਡਲ ਸ਼ੋਅ ਦੇ ਨਾਲ ਕਾਫੀ ਇਨਾਮ ਵੀ ਦਿੱਤੇ ਜਾਣਗੇ। ਇਸ ਤੀਆਂ ਦੇ ਮੇਲੇ ਦੀ ਟਿਕਟ 10 ਡਾਲਰ ਰੱਖੀ ਗਈ ਹੈ ਪਰ ਜੇਕਰ ਕੋਈ ਮੇਲੇ ’ਚ ਜਲਦੀ ਪਹੁੰਚੇਗਾ ਤਾਂ ਟਿਕਟ ਨਾਲ ਦਾਖਲਾ 5 ਡਾਲਰ ’ਚ ਮਿਲ ਸਕਦਾ ਹੈ ਅਤੇ 10 ਸਾਲ ਤੱਕ ਦੇ ਬੱਚੇ ਲਈ ਐਂਟਰੀ ਫ੍ਰੀ ਹੈ। ਇਸ ਮੇਲੇ ’ਚ ਕਿਸਾਨੀ ਸੰਘਰਸ਼ ਨਾਲ ਸਬੰਧਿਤ ਇੱਕ ਪ੍ਰੋਗਰਾਮ ਵੀ ਖਿੱਚ ਦਾ ਕੇਂਦਰ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਤੀਆਂ ਦਾ ਮੇਲਾ ਖਾਸ ਤੌਰ ’ਤੇ ਸਿਰਫ ਔਰਤਾਂ ਲਈ ਹੋਵੇਗਾ। ਇਸ ਮੇਲੇ ਬਾਰੇ ਜ਼ਿਆਦਾ ਜਾਣਕਾਰੀ ਗੋਲਡਨ ਪੈਲੇਸ ਨਾਲ 209-213-1377 ’ਤੇ ਸੰਪਰਕ ਕੀਤਾ ਜਾ ਸਕਦਾ ਹੈ।