ਸਟੋਰ ਲੁੱਟਣ ਆਏ ਲੁਟੇਰਿਆਂ ਨੇ ਜਿੱਤਿਆ ਸਭ ਦਾ ਦਿਲ

10/18/2019 9:08:23 PM

ਏਮਰਾਂਤੋ (ਏਜੰਸੀ)- ਕਈ ਵਾਰ ਦੁਨੀਆ ਦੇ ਦੂਰ-ਦੁਰਾਡੇ ਤੋਂ ਲੁੱਟ ਖੋਹ ਦੀਆਂ ਅਜਿਹੀਆਂ ਖਬਰਾਂ ਆਉਂਦੀਆਂ ਹਨ, ਜਿਸ ਵਿਚ ਇਹ ਦੱਸਿਆ ਜਾਂਦਾ ਹੈ ਕਿ ਲੁਟੇਰਿਆਂ ਨੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਛੱਡਿਆ ਅਤੇ ਉਨ੍ਹਾਂ ਨੂੰ ਵੀ ਬੇਰਹਿਮੀ ਨਾਲ ਲੁੱਟਿਆ। ਇਸ ਤਰ੍ਹਾਂ ਲੁਟੇਰਿਆਂ ਦਾ ਬੇਰਹਿਮ ਚਿਹਰਾ ਦੁਨੀਆ ਸਾਹਮਣੇ ਆਉਂਦਾ ਹੈ ਕਿਉਂਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਨਸਾਨੀਅਤ ਨੂੰ ਛਿੱਕੇ ਟੰਗ ਕੇ ਅਪਰਾਧ ਕਰਦੇ ਹਨ ਪਰ ਬ੍ਰਾਜ਼ੀਲ ਦੇ ਇਕ ਸ਼ਹਿਰ ਵਿਚ ਹੋਈ ਲੁੱਟ ਦੀ ਘਟਨਾ ਵਿਚ ਲੁਟੇਰਿਆਂ ਨੇ ਲੁੱਟ ਦੇ ਬਾਵਜੂਦ ਲੋਕਾਂ ਦਾ ਦਿਲ ਜਿੱਤ ਲਿਆ।

ਲੁੱਟ ਦੀ ਚਰਚਿਤ ਵਾਰਦਾਤ ਲੈਟਿਨ ਅਮਰੀਕੀ ਦੇਸ਼ ਬ੍ਰਾਜ਼ੀਲ ਦੇ ਏਮਰਾਂਤੇ ਸ਼ਹਿਰ ਵਿਚ ਹੋਈ। ਏਮਰਾਂਤੋ ਸ਼ਹਿਰ ਦੇ ਇਕ ਸਟੋਰ ਵਿਚ ਲੁੱਟਖੋਹ ਦੇ ਇਰਾਦੇ ਨਾਲ ਦੋ ਲੁਟੇਰੇ ਦਾਖਲ ਹੋਏ। ਹੱਥਾਂ ਵਿਚ ਹਥਿਆਰ ਫੜੀ ਇਨ੍ਹਾਂ ਲੁਟੇਰਿਆਂ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ। ਉਹ ਹੈਲਮੇਟ ਪਹਿਨ ਕੇ ਸਟੋਰ ਅੰਦਰ ਦਾਖਲ ਹੋ ਗਏ ਅਤੇ ਉਥੇ ਮੌਜੂਦ ਸਟਾਫ ਨੂੰ ਕੈਸ਼ ਉਨ੍ਹਾਂ ਹਵਾਲੇ ਕਰਨ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ। ਲੁੱਟ ਦੀ ਇਹ ਸਾਰੀ ਵਾਰਦਾਤ ਸਟੋਰ ਵਿਚ ਲੱਗੇ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਫੁਟੇਜ ਵਿਚ ਇਹ ਦਿਖਾਈ ਦੇ ਰਿਹਾ ਹੈ ਕਿ ਇਕ ਲੁਟੇਰਾ ਉਥੇ ਮੌਜੂਦ ਇਕ ਬਜ਼ੁਰਗ ਨਾਲ ਗੱਲ ਕਰ ਰਿਹਾ ਹੈ, ਜਦੋਂ ਕਿ ਉਸ ਦਾ ਪਾਰਟਨਰ ਦੂਜਾ ਲੁਟੇਰਾ ਸਟੋਰ ਤੋਂ ਕੈਸ਼ ਇਕੱਠਾ ਕਰ ਰਿਹਾ ਹੈ। ਸਟੋਰ ਦੇ ਕਰਮਚਾਰੀ ਫਰਸ਼ 'ਤੇ ਹੇਠਾਂ ਬੈਠੇ ਹਨ ਅਤੇ ਆਪਣੇ ਹੱਥਾਂ ਨੂੰ ਸਿਰ ਪਿੱਛੇ ਰੱਖਿਆ ਹੋਇਆ ਹੈ।

ਫੁਟੇਜ ਵਿਚ ਇਹ ਦਿਖਾਈ ਦੇ ਰਿਹਾ ਹੈ ਕਿ ਸਟੋਰ ਵਿਚ ਮੌਜੂਦ ਬਜ਼ੁਰਗ ਔਰਤ ਲੁਟੇਰੇ ਨਾਲ ਗੱਲ ਕਰ ਰਹੀ ਹੈ ਅਤੇ ਲੁਟੇਰਾ ਬਜ਼ੁਰਗ ਦੇ ਮੋਢੇ 'ਤੇ ਥਾਪੀ ਦਿੰਦਾ ਹੈ ਅਤੇ ਉਸ ਤੋਂ ਬਾਅਦ ਉਸ ਦੇ ਸਿਰ ਨੂੰ ਚੁੰਮ ਲੈਂਦਾ ਹੈ। ਲੁਟੇਰੇ ਫਿਲਹਾਲ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਵਾਰਦਾਤ ਤੋਂ ਬਾਅਦ ਸਟੋਰ ਦੇ ਮਾਲਕ ਸੈਮੁਅਲ ਅਲਮੇਡਾ ਨੇ ਮੀਡੀਆ ਨੂੰ ਦੱਸਿਆ ਕਿ ਲੁਟੇਰਿਆਂ ਨੇ ਸਟੋਰ ਵਿਚ ਆਉਣ ਤੋਂ ਬਾਅਦ ਮੇਰੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਸਾਰਾ ਕੈਸ਼ ਉਨ੍ਹਾਂ ਦੇ ਹਵਾਲੇ ਕਰ ਦੇਣ। ਸੈਮੁਅਲ ਅਲਮੇਡਾ ਨੇ ਕਿਹਾ ਕਿ ਬਜ਼ੁਰਗ ਮਹਿਲਾ ਨੇ ਵੀ ਲੁਟੇਰੇ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਪੈਸਾ ਵੀ ਲੈ ਸਕਦੇ ਹਨ, ਪਰ ਇਕ ਲੁਟੇਰੇ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਕਿਹਾ ਕਿ ਨਹੀਂ ਮਾਂ ਤੁਸੀਂ ਜਾ ਸਕਦੇ ਹੋ, ਸਾਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ ਹੈ।


Sunny Mehra

Content Editor

Related News