ਦਰਸ਼ਕਾਂ ਦੇ ਮਨਾਂ ’ਚ ਅਮਿੱਟ ਛਾਪ ਛੱਡ ਗਿਆ ਧਾਰਮਿਕ ਨਾਟਕ ‘ਜਫ਼ਰਨਾਮਾ’, ਹਾਲ ’ਚ ਗੂੰਜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ

Tuesday, Jul 30, 2024 - 08:22 PM (IST)

ਦਰਸ਼ਕਾਂ ਦੇ ਮਨਾਂ ’ਚ ਅਮਿੱਟ ਛਾਪ ਛੱਡ ਗਿਆ ਧਾਰਮਿਕ ਨਾਟਕ ‘ਜਫ਼ਰਨਾਮਾ’, ਹਾਲ ’ਚ ਗੂੰਜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ

ਵੈਨਕੂਵਰ, (ਮਲਕੀਤ ਸਿੰਘ)- ‘ਸਰਕਾਰ ਪ੍ਰੋਡਕਸ਼ਨ’ ਦੇ ਸਹਿਯੋਗ ਨਾਲ ‘ਪੰਜਾਬ ਲੋਕ ਰੰਗ’ ਦੀ ਟੀਮ ਵੱਲੋਂ ਸਰੀ ਸਥਿਤ ਬੈੱਲ ਸੈਂਟਰ ਦੇ ਵੱਡ ਅਕਾਰੀ ਹਾਲ ’ਚ ਪੇਸ਼ ਕੀਤਾ ਗਿਆ ਧਾਰਮਿਕ ਨਾਟਕ ‘ਜਫ਼ਰਨਾਮਾ’, ਉਥੇ ਵੱਡੀ ਗਿਣਤੀ ’ਚ ਪੁੱਜੇ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡ ਗਿਆ। 

ਉੱਘੇ ਨਾਟਕਕਾਰ ਅਤੇ ਲੇਖਕ ਸੁਰਿੰਦਰ ਸਿੰਘ ਧਨੋਆ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਕੀਤੇ ਇਸ ਧਾਰਮਿਕ ਨਾਟਕ ’ਚ ਦਸਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਵੇਲੇ ਦੇ ਹਿੰਦੋਸਤਾਨੀ ਜਾਲਮ ਬਾਦਸ਼ਾਹ ਔਰੰਗਜੇਬ ਨੂੰ ਭੇਜੇ ਫ਼ਤਿਹ ਦੇ ਪੱਤਰ ‘ਜਫ਼ਰਨਾਮਾ’ ਨਾਲ ਸਬੰਧਿਤ ਇਤਿਹਾਸ ’ਤੇ ਅਧਾਰਿਤ ਵੱਖ-ਵੱਖ ਦ੍ਰਿਸ਼ਾਂ ਨੂੰ ਨਾਟਕ ਵਿਚਲੇ ਪਾਤਰਾਂ ਵੱਲੋਂ ਬੜੀ ਸੂਝਬੂਝ ਅਤੇ ਮਿਹਨਤ ਨਾਲ ਪੇਸ਼ ਕੀਤਾ ਗਿਆ। ਨਾਟਕ ਵਿਚਲੇ ਕੁਝ ਜੋਸ਼ੀਲੇ ਦ੍ਰਿਸ਼ਾਂ ਤੋਂ ਪ੍ਰਭਾਵਿਤ ਹੋਏ ਵੱਡੀ ਗਿਣਤੀ ’ਚ ਮੌਜ਼ੂਦ ਦਰਸ਼ਕਾਂ ਵੱਲੋਂ ਜੋਸ਼ ’ਚ ਆ ਕੇ ‘ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਸਮੁੱਚਾ ਹਾਲ ਕਈ ਵੇਰ ਗੂੰਜਦਾ ਮਹਿਸੂਸ ਕੀਤਾ ਗਿਆ।

PunjabKesari

ਇਸ ਮੌਕੇ ’ਤੇ ਗੱਲਬਾਤ ਕਰਦਿਆਂ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਅਤੇ ਦੇਵ ਰਾਏ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਤੋਂ ਪਹਿਲਾਂ ‘ਜਫ਼ਰਨਾਮਾ’ ਨਾਟਕ ਦੀ ਸਫ਼ਲ ਪੇਸ਼ਕਾਰੀ ਅਮਰੀਕਾ ਦੇ ਸ਼ਹਿਰਾਂ ਫ਼ਰਿਜਨੋ, ਯੂਨੀਅਨ ਸਿਟੀ, ਸੈਨਹੋਜ਼ੇ, ਸੈਕਮਮੈਂਟੋ, ਲੋਡਾਈ, ਟਰਲਕ, ਸਟੌਕਟਨ ਅਤੇ ਵਾਈਫਿਲੀਆ ਵਿਖੇ ਕੀਤੀ ਜਾ ਚੁੱਕੀ ਹੈ। ਇਸਦੇ ਨਾਲ-ਨਾਲ ਕੈਨੇਡਾ ਦੇ ਸਰੀ ਅਤੇ ਐਬਸਫ਼ੋਰਡ ਸ਼ਹਿਰਾਂ ’ਚ ਪੇਸ਼ ਕੀਤੇ ਇਸ ਧਾਰਮਿਕ ਨਾਟਕ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਅਖ਼ੀਰ ’ਚ ਉਨ੍ਹਾਂ ਇਹ ਵੀ ਦੱਸਿਆ ਕਿ ‘ਜਫ਼ਰਨਾਮਾ’ ਨਾਟਕ ਨੂੰ ਦਰਸ਼ਕਾਂ ਦੇ ਮਿਲ ਰਹੇ ਹੁੰਗਾਰੇ ਮਗਰੋਂ ਪੰਜਾਬ ਦੇ ਕੁਝ ਚੋਣਵੇਂ ਸ਼ਹਿਰਾਂ ’ਚ ਵੀ ਇਸਦੀ ਪੇਸ਼ਕਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ 5 ਤੋਂ 22 ਦਸੰਬਰ ਤੀਕ ‘ਜਫ਼ਰਨਾਮਾ’ ਨਾਟਕ ਸ੍ਰੀ ਆਨੰਦਪੁਰ ਸਾਹਿਬ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ, ਹੁਸ਼ਿਆਰਪੁਰ, ਅਬੋਹਰ, ਸਰਹਿੰਦ, ਅੰਮ੍ਰਿਤਸਰ ਅਤੇ ਚੰਡੀਗੜ੍ਹ ’ਚ ਪੇਸ਼ ਕੀਤਾ ਜਾਵੇਗਾ। 

PunjabKesari

ਅਖ਼ੀਰ ’ਚ ਨਾਟਕਕਾਰ ਸੁਰਿੰਦਰ ਸਿੰਘ ਧਨੋਆ ਨੇ ਦੇਸ਼-ਵਿਦੇਸ਼ ’ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਸਿੱਖ ਇਤਿਹਾਸ ਅਤੇ ਪੰਜਾਬੀ ਵਿਰਸੇ ਤੋਂ ਦੂਰ ਹੋ ਰਹੀ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜੀ ਰੱਖਣ ਲਈ ਪਰਿਵਾਰਕ ਪੱਧਰ ’ਤੇ ਲੋੜੀਂਦਾ ਯੋਗਦਾਨ ਪਾਉਣਾ ਚਾਹੀਦਾ ਹੈ। ‘ਜਫ਼ਰਨਾਮਾ’ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਗੁਰੂ ਨਾਨਕ ਗੁਰੂ ਘਰ ਅਤੇ ਨਿਊ ਵੈਸਟ ਮਨਿਸਟਰ ਦੇ ਗੁਰੂ ਘਰਾਂ ਤੋਂ ਆਏ ਬੱਚਿਆਂ ਦੀਆਂ ਗੱਤਕਾ ਟੀਮਾਂ ਵੱਲੋਂ ਪੇਸ਼ ਕੀਤੇ ਜੰਗਾਜ਼ੂ ਦ੍ਰਿਸ਼ਾਂ ਨੂੰ ਵੇਖ ਕੇ ਹਾਲ ’ਚ ਮੌਜ਼ੂਦ ਕੋਈ ਵੀ ਦਰਸ਼ਕ ਪ੍ਰਭਾਵਿਤ ਹੋਣੋ ਨਾ ਰਹਿ ਸਕਿਆ। 


author

Rakesh

Content Editor

Related News