ਸੂਟਕੇਸ 'ਚ ਲੁਕ ਕੇ ਲੋਕਾਂ ਦਾ ਸਾਮਾਨ ਚੋਰੀ ਕਰਨ ਵਾਲੇ ਚੋਰਾਂ ਨੂੰ ਮਿਲੀ ਸਜ਼ਾ

Saturday, Oct 21, 2017 - 12:40 PM (IST)

ਸੂਟਕੇਸ 'ਚ ਲੁਕ ਕੇ ਲੋਕਾਂ ਦਾ ਸਾਮਾਨ ਚੋਰੀ ਕਰਨ ਵਾਲੇ ਚੋਰਾਂ ਨੂੰ ਮਿਲੀ ਸਜ਼ਾ

ਪੈਰਿਸ, (ਏਜੰਸੀ)— ਫਰਾਂਸ ਦੇ ਵੀਊਵੈਸ ਹਵਾਈ ਅੱਡੇ ਤੋਂ ਪੈਰਿਸ ਪੁੱਜਣ ਲਈ ਬੱਸ ਰਾਹੀਂ ਯਾਤਰਾ ਕਰਨੀ ਪੈਂਦੀ ਹੈ । ਇਸ ਯਾਤਰਾ ਵਿਚ 75 ਮਿੰਟਾਂ ਦਾ ਸਮਾਂ ਲੱਗਦਾ ਹੈ । ਪਿਛਲੇ ਕੁੱਝ ਦਿਨਾਂ ਤੋਂ ਯਾਤਰਾ ਦੌਰਾਨ ਲੋਕਾਂ ਦੇ ਸਾਮਾਨ ਗਾਇਬ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।  ਪਹਿਲਾਂ ਤਾਂ ਲੋਕਾਂ ਨੂੰ ਲੱਗਾ ਕਿ ਯਾਤਰੀ ਆਪਣਾ ਸਾਮਾਨ ਕਿਤੇ ਭੁੱਲ ਜਾਂਦੇ ਹੋਣਗੇ ਪਰ ਜਦੋਂ ਬੰਦ ਸੂਟਕੇਸਾਂ ਅਤੇ ਬੈਗਾਂ 'ਚੋਂ ਵੀ ਸਾਮਾਨ ਗਾਇਬ ਹੋਣ ਲੱਗੇ ਤਾਂ ਪੁਲਸ ਦਾ ਵੀ ਧਿਆਨ ਇੱਧਰ ਖਿੱਚਿਆ ਗਿਆ। ਇਸ ਮਗਰੋਂ ਜਾਂਚ ਸ਼ੁਰੂ ਕੀਤੀ ਗਈ ।
ਇਸ ਦੌਰਾਨ ਡਰਾਈਵਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਕੁੱਝ ਲੋਕਾਂ ਨੂੰ ਕਈ ਵਾਰ ਇਕ ਸ਼ੱਕੀ ਸੂਟਕੇਸ ਨੂੰ ਰੱਖਦੇ ਦੇਖਿਆ ਹੈ । ਇਸ ਸੂਚਨਾ ਉੱਤੇ ਅੱਗੇ ਵਧਦੇ ਹੋਏ ਪੁਲਸ ਨੇ ਰੋਮਾਨੀਆ ਦੇ ਦੋ ਚੋਰਾਂ ਨੂੰ ਫੜਿਆ, ਇਨ੍ਹਾਂ ਕੋਲ ਭੂਰੇ ਰੰਗ ਦਾ ਸੂਟਕੇਸ ਵੀ ਸੀ। ਸਖਤਾਈ ਨਾਲ ਪੁੱਛ-ਪੜਤਾਲ ਕਰਨ ਮਗਰੋਂ ਚੋਰਾਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਇਕ ਚੋਰ ਬੈਗ ਵਿਚ ਬੈਠ ਕੇ ਸਾਮਾਨ ਤਕ ਪੁੱਜ ਜਾਂਦਾ ਸੀ। ਜਦ ਉਹ ਸੂਟਕੇਸਾਂ ਅਤੇ ਬੈਗਾਂ 'ਚੋਂ ਸਾਮਾਨ ਚੋਰੀ ਕਰ ਲੈਂਦਾ ਤਾਂ ਦੂਜਾ ਉਸ ਸੂਟਕੇਸ ਨੂੰ ਚੁੱਕ ਕੇ ਚਲਾ ਜਾਂਦਾ ਸੀ, ਜਿਸ 'ਚ ਦੂਜਾ ਚੋਰ ਅਤੇ ਚੋਰੀ ਦਾ ਸਾਮਾਨ ਹੁੰਦਾ ਸੀ। ਦੋਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਸੋਮਵਾਰ ਨੂੰ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ।ਇਸ ਅਜੀਬ ਤਰੀਕੇ ਦੀ ਚੋਰੀ ਬਾਰੇ ਸੁਣ ਕੇ ਲੋਕ ਹੈਰਾਨ ਹਨ।


Related News