ਚੰਨ ਤੱਕ ਲਿਜਾਇਆ ਗਿਆ ਸਮਾਰਕ ਫਲਕ 4,68,500 ਡਾਲਰ ''ਚ ਨੀਲਾਮ

Monday, Nov 05, 2018 - 11:56 AM (IST)

ਨਿਊਯਾਰਕ (ਭਾਸ਼ਾ)— ਅਪੋਲੋ 11 ਮਿਸ਼ਨ ਦੇ ਤਹਿਤ ਚੰਨ ਤੱਕ ਲਿਜਾਇਆ ਗਿਆ ਇਕ ਸਮਾਰਕ ਫਲਕ ਟੈਕਸਾਸ ਵਿਚ ਹੋਈ ਨੀਲਾਮੀ ਵਿਚ 4,68,500 ਡਾਲਰ ਵਿਚ ਵਿਕਿਆ। ਨੀਲਾਮੀ ਕਰਤਾਵਾਂ ਨੇ ਦੱਸਿਆ ਕਿ ਇਹ ਉਸ ਵਿਸ਼ਾਲ ਸੰਗ੍ਰਹਿ ਦਾ ਹਿੱਸਾ ਹੈ ਜੋ ਕਦੇ ਮਰਹੂਮ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਦਾ ਰਿਹਾ ਸੀ। ਇਸ ਫਲਕ ਵਿਚ ਉਸ ਚੰਨ ਮਾਡਲ ਦਾ ਵਰਣਨ ਸ਼ਾਮਲ ਹੈ ਜੋ 20 ਜੁਲਾਈ, 1969 ਨੂੰ ਚੰਨ 'ਤੇ ਪਹੁੰਚਿਆ ਸੀ। ਧਰਤੀ 'ਤੇ ਪਰਤਣ ਦੇ ਬਾਅਦ ਇਸ ਨੂੰ ਇਕ ਲੱਕੜ ਦੇ ਆਧਾਰ 'ਤੇ ਜੜਿਆ ਗਿਆ ਅਤੇ ਬਾਅਦ ਵਿਚ ਚੰਨ 'ਤੇ ਕਦਮ ਰੱਖਣ ਵਾਲੇ ਪਹਿਲੇ ਵਿਅਕਤੀ ਆਰਮਸਟਰਾਂਗ ਨੂੰ ਦਿੱਤਾ ਗਿਆ। 

ਮਿਸ਼ਨ ਵਿਚ ਹਿੱਸਾ ਲੈਣ ਵਾਲੇ ਦੋ ਹੋਰ ਪੁਲਾੜ ਯਾਤਰੀਆਂ ਐਡਵਿਨ ''ਬਜ'' ਐਲਡ੍ਰਿਨ ਅਤੇ ਮਾਈਕਲ ਕੌਲੀਨਜ਼ ਨੂੰ ਵੀ ਇਨ੍ਹਾਂ ਫਲਕਾਂ ਵਿਚੋਂ ਇਕ ਦਿੱਤਾ ਗਿਆ। ਆਰਮਸਟਰਾਂਗ ਦੇ ਦੋ ਬੇਟਿਆਂ ਰਿਕ ਅਤੇ ਮਾਰਕ ਨੇ ਆਪਣੇ ਪਿਤਾ ਦੇ ਵਿਸ਼ਾਲ ਸੰਗ੍ਰਹਿ ਦੇ ਕੁਝ ਹਿੱਸਿਆਂ ਨੂੰ ਨੀਲਾਮ ਕਰਨ ਦਾ ਫੈਸਲਾ ਕੀਤਾ। ਇਸ ਵਿਚ 2,000 ਤੋਂ ਵਧ ਵਸਤਾਂ ਸ਼ਾਮਲ ਹਨ। ਆਰਮਸਟਰਾਂਗ ਦੀ ਮੌਤ ਸਾਲ 2012 ਵਿਚ ਹੋਈ ਸੀ। ਇਸ ਸੰਗ੍ਰਹਿ ਦਾ ਕੁਝ ਹਿੱਸਾ ਡਲਾਸ ਵਿਚ ਵੀਰਵਾਰ ਤੋਂ ਸ਼ਨੀਵਾਰ ਤੱਕ ਹੋਈ ਨੀਲਾਮੀ ਅਤੇ ਆਨਲਾਈਨ ਵਿਕਰੀ ਲਈ ਰੱਖਿਆ ਗਿਆ। ਇਸ ਨੀਲਾਮੀ ਦਾ ਆਯੋਜਨ ਕਰਨ ਵਾਲਾ ਹੈਰੀਟੇਜ ਆਕਸ਼ਨ ਮਈ ਅਤੇ ਨਵੰਬਰ 2019 ਵਿਚ ਹੋਰ ਦੋ ਨੀਲਾਮੀਆਂ ਕਰੇਗਾ।


Vandana

Content Editor

Related News