ਟੈਕਸਾਸ : ਮੈਕਸੀਕੋ ਜਾਣ ਵਾਲੀ ਬੱਸ ’ਚ ਲੁਕੋ ਕੇ ਰੱਖੇ ਲੱਖਾਂ ਡਾਲਰ ਕੀਤੇ ਜ਼ਬਤ
Saturday, Jul 24, 2021 - 01:28 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਟੈਕਸਾਸ ’ਚ ਪੁਲਸ ਅਧਿਕਾਰੀਆਂ ਨੇ ਇਸ ਹਫ਼ਤੇ ਮੈਕਸੀਕੋ ਜਾਣ ਵਾਲੀ ਇੱਕ ਬੱਸ ਦੇ ਰੈਸਟਰੂਮ ’ਚ ਲੁਕੋ ਕੇ ਰੱਖੇ ਲੱਖਾਂ ਡਾਲਰ ਬਰਾਮਦ ਕੀਤੇ ਹਨ। ਅਧਿਕਾਰੀਆਂ ਅਨੁਸਾਰ ਬੱਸ ਦੀ ਤਲਾਸ਼ੀ ਦੌਰਾਨ 14 ਬੰਡਲਾਂ ਅੰਦਰ ਲਪੇਟ ਕੇ ਰੱਖੀ ਹੋਈ ਤਕਰੀਬਨ 5,00,000 ਡਾਲਰ ਦੀ ਨਕਦੀ ਜ਼ਬਤ ਕੀਤੀ ਗਈ ਹੈ। ਬਾਰਡਰ ਅਧਿਕਾਰੀਆਂ ਦੇ ਅਨੁਸਾਰ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਹਥਿਆਰ ਅਤੇ ਨਕਦੀ ਦੀ ਭਾਲ ਲਈ ਟਰੇਨਿੰਗ ਪ੍ਰਾਪਤ ਖੋਜੀ ਕੁੱਤੇ ਨੇ ਅਧਿਕਾਰੀਆਂ ਨੂੰ ਨਕਦੀ ਪ੍ਰਤੀ ਸੁਚੇਤ ਕੀਤਾ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ
ਮੈਕਸੀਕੋ ਵੱਲ ਜਾਣ ਵਾਲੀ ਬੱਸ ਦਾ ਮੰਗਲਵਾਰ ਨੂੰ ਟੈਕਸਾਸ ਦੇ ਪ੍ਰੈਸੀਡਿਓ ਪੋਰਟ ਆਫ ਐਂਟਰੀ ਪਹੁੰਚਣ ਤੋਂ ਬਾਅਦ ਮੁਆਇਨਾ ਕੀਤਾ ਗਿਆ। ਪਹਿਲਾਂ ਖੋਜੀ ਕੁੱਤਾ ਬੱਸ ’ਚੋਂ ਲੰਘਿਆ ਅਤੇ ਫਿਰ ਤਫ਼ਤੀਸ਼ ਕਰਨ ਵਾਲਿਆਂ ਨੇ ਬੱਸ ਨੂੰ ਐਕਸਰੇ ਸਿਸਟਮ ਰਾਹੀਂ ਚਲਾਇਆ। ਬੱਸ ਵਿਚਲੀ ਨਕਦੀ ਦਾ ਪਤਾ ਲੱਗਣ ਤੋਂ ਬਾਅਦ ਹੋਮਲੈਂਡ ਸਕਿਓਰਟੀ ਇਨਵੈਸਟੀਗੇਸ਼ਨ ਏਜੰਟਾਂ ਨੇ ਦੋ ਡਰਾਈਵਰਾਂ, ਜਿਨ੍ਹਾਂ ਦੀ ਉਮਰ 47 ਅਤੇ 68 ਸਾਲ ਹੈ ਅਤੇ ਮੈਕਸੀਕਨ ਨਾਗਰਿਕ ਸਨ, ਨੂੰ ਹਿਰਾਸਤ ’ਚ ਲੈ ਲਿਆ ਸੀ। ਇਸ ਤੋਂ ਇਲਾਵਾ ਛੇ ਯਾਤਰੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਸੀ।
ਅਮਰੀਕਾ ਦੇ ਕਾਨੂੰਨ ਅਨੁਸਾਰ ਕਿਸੇ ਵੀ ਤਰੀਕੇ ਭਾਵ ਜ਼ਮੀਨ, ਹਵਾ ਜਾਂ ਪਾਣੀ ਰਾਹੀਂ ਦੇਸ਼ ਦੀ ਸਰਹੱਦ ਪਾਰ ਕਰਦੇ ਸਮੇਂ ਯਾਤਰੀਆਂ ਨੂੰ 10,000 ਡਾਲਰ ਤੋਂ ਵੱਧ ਦੀ ਨਕਦੀ ਦੀ ਸੂਰਤ ’ਚ ਪੈਸਿਆਂ ਬਾਰੇ ਦੱਸਣਾ ਜ਼ਰੂਰੀ ਹੈ। ਜੇ ਨਕਦੀ ਲਈ ਕਿਸੇ ਜਾਇਜ਼ ਉਦੇਸ਼ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਤਾਂ ਜੁਰਮਾਨੇ ’ਚ ਨਕਦੀ ਨੂੰ ਜ਼ਬਤ ਕਰਨ ਦੇ ਨਾਲ-ਨਾਲ ਅਪਰਾਧਿਕ ਦੋਸ਼ ਵੀ ਸ਼ਾਮਲ ਹਨ।