ਗੁਆਟੇਮਾਲਾ ''ਚ ਭਿਆਨਕ ਸੜਕ ਹਾਦਸਾ: ਬੇਕਾਬੂ ਹੋ ਕੇ ਡੂੰਘੀ ਖੱਡ ''ਚ ਡਿੱਗੀ ਬੱਸ; 15 ਲੋਕਾਂ ਦੀ ਮੌਤ, 19 ਜ਼ਖ਼ਮੀ

Saturday, Dec 27, 2025 - 07:50 PM (IST)

ਗੁਆਟੇਮਾਲਾ ''ਚ ਭਿਆਨਕ ਸੜਕ ਹਾਦਸਾ: ਬੇਕਾਬੂ ਹੋ ਕੇ ਡੂੰਘੀ ਖੱਡ ''ਚ ਡਿੱਗੀ ਬੱਸ; 15 ਲੋਕਾਂ ਦੀ ਮੌਤ, 19 ਜ਼ਖ਼ਮੀ

ਇੰਟਰਨੈਸ਼ਨਲ ਡੈਸਕ : ਮੱਧ ਅਮਰੀਕੀ ਦੇਸ਼ ਗੁਆਟੇਮਾਲਾ ਤੋਂ ਇੱਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ਨੀਵਾਰ ਨੂੰ ਪੱਛਮੀ ਗੁਆਟੇਮਾਲਾ ਵਿੱਚ ਇੱਕ ਯਾਤਰੀ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਮਰਨ ਵਾਲਿਆਂ ਵਿੱਚ ਔਰਤਾਂ ਤੇ ਬੱਚਾ ਵੀ ਸ਼ਾਮਲ
 ਸਥਾਨਕ ਅਧਿਕਾਰੀਆਂ ਅਨੁਸਾਰ ਇਹ ਭਿਆਨਕ ਹਾਦਸਾ ਇੰਟਰ-ਅਮਰੀਕਨ ਹਾਈਵੇਅ 'ਤੇ ਵਾਪਰਿਆ। ਸਥਾਨਕ ਫਾਇਰਫਾਈਟਰ ਦੇ ਬੁਲਾਰੇ ਲਿਓਂਡਰੋ ਅਮਾਡੋ ਨੇ ਦੱਸਿਆ ਕਿ ਮਰਨ ਵਾਲੇ 15 ਲੋਕਾਂ ਵਿੱਚ 11 ਪੁਰਸ਼, 3 ਔਰਤਾਂ ਅਤੇ ਇੱਕ ਨਾਬਾਲਗ ਬੱਚਾ ਸ਼ਾਮਲ ਹੈ। ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਤੇ ਲਗਭਗ 19 ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ।
ਗੁਆਟੇਮਾਲਾ 'ਚ ਹਾਦਸਿਆਂ ਦਾ ਸਿਲਸਿਲਾ
 ਦੱਸਣਯੋਗ ਹੈ ਕਿ ਗੁਆਟੇਮਾਲਾ ਵਿੱਚ ਇਸੇ ਹਫ਼ਤੇ ਇਹ ਦੂਜਾ ਵੱਡਾ ਸੜਕ ਹਾਦਸਾ ਹੈ। ਇਸ ਤੋਂ ਪਹਿਲਾਂ ਐਟਲਾਂਟਿਕ ਤੱਟ ਦੇ ਨੇੜੇ ਗੁਆਡਾਲਜਾਰਾ ਸ਼ਹਿਰ ਵਿੱਚ ਇੱਕ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਸੀ, ਜਿਸ ਵਿੱਚ 21 ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 7 ਬੱਚੇ ਵੀ ਸ਼ਾਮਲ ਸਨ। ਉਹ ਬੱਸ ਮੈਕਸੀਕੋ ਸਰਹੱਦ ਵੱਲ ਜਾ ਰਹੀ ਸੀ ਜਦੋਂ ਇਹ ਦੁਖਾਂਤ ਵਾਪਰਿਆ। ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਜਾਂ ਫਿਰ ਕੋਈ ਤਕਨੀਕੀ ਨੁਕਸ ਇਸ ਦਾ ਕਾਰਨ ਬਣਿਆ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News