ਲੰਡਨ ਦੇ ਰੇਲਵੇ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਹੋਣੋਂ ਬਚਾਅ

Tuesday, Jun 29, 2021 - 06:01 PM (IST)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਰਾਜਧਾਨੀ ਲੰਡਨ ਦੇ ਇਕ ਭੀੜ ਵਾਲੇ ਇਲਾਕੇ ਵਿਚ ਰੇਲਵੇ ਸਟੇਸ਼ਨ ਦੇ ਨੇੜੇ ਜ਼ਬਰਦਸਤ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਹ ਅੱਗ ਐਲੀਫੈਂਟ ਅਤੇ ਕੈਸਲ ਦੇ ਕੇਂਦਰੀ ਲੰਡਨ ਰੇਲਵੇ ਸਟੇਸ਼ਨ ਦੇ ਨੇੜੇ ਲੱਗੀ, ਜਿਸ ਨੇ ਵੱਡੇ ਪੱਧਰ 'ਤੇ ਰਾਜਧਾਨੀ ਵਿਚ ਧੂੰਆਂ ਹੀ ਧੂੰਆਂ ਕਰੀ ਰੱਖਿਆ। ਲੰਡਨ ਫਾਇਰ ਬ੍ਰਿਗੇਡ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਲਈ 15 ਅੱਗ ਬੁਝਾਉਣ ਵਾਲੀਆਂ ਗੱਡੀਆਂ ਅਤੇ 100 ਦੇ ਕਰੀਬ ਅੱਗ ਬੁਝਾਊ ਕਰਮਚਾਰੀਆਂ ਨੇ ਜੱਦੋ-ਜਹਿਦ ਕੀਤੀ।

ਫਾਇਰ ਬ੍ਰਿਗੇਡ ਵਿਭਾਗ ਅਨੁਸਾਰ ਇਸ ਅੱਗ ਨਾਲ 3 ਵਪਾਰਕ ਯੂਨਿਟਾਂ ਦੇ ਪੂਰੀ ਤਰ੍ਹਾਂ ਸੜ ਜਾਣ ਦੇ ਨਾਲ, ਸਟੇਸ਼ਨ ਨੇੜੇ 4 ਦੇ ਕਰੀਬ ਕਾਰਾਂ ਅਤੇ ਇਕ ਟੈਲੀਫੋਨ ਬਾਕਸ ਨੂੰ ਵੀ ਅੱਗ ਲੱਗ ਗਈ। ਅੱਗ ਨਾਲ ਪੈਦਾ ਹੋਏ ਧੂੰਏ ਤੋਂ ਬਚਣ ਲਈ ਇਸ ਖੇਤਰ ਦੇ ਲੋਕਾਂ ਨੂੰ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ। ਐਲੀਫੈਂਟ ਅਤੇ ਕੈਸਲ ਇਕ ਬੇਹੱਦ ਰੁਝੇਵੇਂ ਭਰਿਆ ਟ੍ਰੈਫਿਕ ਲਾਂਘਾ ਹੈ ਤੇ ਇਹ ਇਕ ਪ੍ਰਮੁੱਖ ਰੇਲਵੇ ਹੱਬ ਵੀ ਹੈ। ਇਸ ਅੱਗ ਲੱਗਣ ਦੀ ਘਟਨਾ ਨੂੰ ਸਥਾਨਕ ਪੁਲਸ ਨੇ ਕਿਸੇ ਤਰ੍ਹਾਂ ਦੀ ਅੱਤਵਾਦ ਨਾਲ ਜੁੜੀ ਘਟਨਾ ਨਹੀਂ ਮੰਨਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


cherry

Content Editor

Related News