ਅਸੀਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਲਗਭਗ ਤਿਆਰ ਹਾਂ: ਪਾਕਿਸਤਾਨ

09/04/2019 9:13:13 PM

ਲਾਹੌਰ— ਵਾਹਗਾ ਸਰਹੱਦ ਨੇੜੇ ਅਟਾਰੀ ਵਿਖੇ ਬੁੱਧਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ 'ਤੇ ਗੱਲਬਾਤ ਦੇ ਤੀਜੇ ਗੇੜ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਕਿ ਉਸਨੇ ਆਪਣੇ ਹਿੱਸੇ 'ਤੇ 90 ਪ੍ਰਤੀਸ਼ਤ ਕੰਮ ਪੂਰਾ ਕਰ ਲਿਆ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਲਾਂਘਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮੌਕੇ ਨਵੰਬਰ ਤੱਕ ਖੋਲ੍ਹਿਆ ਜਾਏਗਾ।

ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਜਾਰੀ ਤਣਾਅ ਦੇ ਬਾਵਜੂਦ ਦੋ ਜਾਂ ਤਿੰਨ ਮਾਮਲਿਆਂ ਨੂੰ ਛੱਡ ਕੇ ਗੱਲਬਾਤ ਸਕਾਰਾਤਮਕ ਰਹੀ। ਫੈਸਲ ਨੇ ਕਿਹਾ ਕਿ“ਅਸੀਂ ਬਹੁਤ ਫਲੈਕਸੀਬਿਲਟੀ ਦਿਖਾਈ ਹੈ ਤੇ ਸਾਨੂੰ ਉਮੀਦ ਹੈ ਕਿ ਜੇ ਭਾਰਤ ਵੀ ਥੋੜਾ ਲਚਕੀਲਾਪਨ ਦਿਖਾਉਂਦਾ ਹੈ ਤਾਂ ਲਾਂਘੇ ਦਾ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲਾਂਘੇ 'ਤੇ ਕੰਮ ਦੇ ਆਪਣੇ ਹਿੱਸੇ ਨੂੰ ਪੂਰਾ ਕਰਨ ਲਈ ਭਾਰਤ ਜ਼ਿੰਮੇਵਾਰ ਹੈ ਤੇ ਪਾਕਿਸਤਾਨ ਦੇ ਹਿੱਸੇ ਦਾ ਕੰਮ ਲਗਭਗ ਪੂਰਾ ਹੋ ਗਿਆ ਸੀ।

ਫੈਸਲ ਨੇ ਕਿਹਾ ਕਿ ਇਸਲਾਮਾਬਾਦ ਨੇ ਬਾਕੀ ਬਚੇ ਕੁਝ ਮਸਲਿਆਂ ਦੇ ਹੱਲ 'ਤੇ ਆਖਰੀ ਬੈਠਕ ਲਈ ਭਾਰਤੀ ਪੱਖ ਨੂੰ ਸੱਦਾ ਦਿੱਤਾ ਹੈ। ਕਰਤਾਰਪੁਰ ਲਾਂਘਾ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਦੇ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਲਈ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰੇਗਾ।


Baljit Singh

Content Editor

Related News