ਇਜ਼ਰਾਈਲ ਤੇ ਈਰਾਨ ਦੀ ਫੌਜੀ ਸਮਰੱਥਾ ਦੇ ਸਾਹਮਣੇ ਅਸੀਂ ਕਿਥੇ ਖੜ੍ਹੇ ਹਾਂ?

04/22/2024 6:07:25 AM

ਇੰਟਰਨੈਸ਼ਨਲ ਡੈਸਕ– ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਦੀ ਸਥਿਤੀ ਬੜੀ ਅਸ਼ਾਂਤ ਬਣੀ ਹੋਈ ਹੈ। ਇਕ ਪਾਸੇ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਹੋਇਆ ਹੈ ਤਾਂ ਦੂਜੇ ਪਾਸੇ ਇਜ਼ਰਾਈਲ-ਹਮਾਸ ਦੇ ਦਰਮਿਆਨ ਜੰਗ ਤੋਂ ਬਾਅਦ ਹੁਣ ਇਜ਼ਰਾਈਲ ਦਾ ਈਰਾਨ ਨਾਲ ਪੰਗਾ ਪੈਂਦਾ ਦਿਖਾਈ ਦੇ ਰਿਹਾ ਹੈ।

ਇਸੇ ਸਾਲ 1 ਅਪ੍ਰੈਲ ਨੂੰ ਸੀਰੀਆ ’ਚ ਈਰਾਨ ਦੇ ਵਣਜ ਦੂਤਘਰ ’ਤੇ ਹਮਲਾ ਕੀਤਾ ਗਿਆ ਸੀ, ਜਿਸ ਲਈ ਈਰਾਨ ਨੇ ਸਿੱਧੇ ਤੌਰ ’ਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ। ਇਸੇ ਦਾ ਬਦਲਾ ਲੈਣ ਲਈ 13-14 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਈਰਾਨ ਨੇ ਇਜ਼ਰਾਈਲ ’ਤੇ ਕਾਮੀਕਾਜੇ ਡਰੋਨਾਂ ਨਾਲ 300 ਤੋਂ ਵੱਧ ਤਾਬੜਤੋੜ ਹਮਲੇ ਕੀਤੇ, ਜਿਨ੍ਹਾਂ ’ਚ ਕਿੱਲਰ ਡਰੋਨ ਤੋਂ ਲੈ ਕੇ ਬੈਲਿਸਟਿਕ ਮਿਜ਼ਾਈਲ ਤੇ ਕਰੂਜ਼ ਮਿਜ਼ਾਈਲਾਂ ਸ਼ਾਮਲ ਸਨ।

ਅਮਰੀਕਾ ਤੇ ਬ੍ਰਿਟੇਨ ਨੇ ਈਰਾਨ ’ਤੇ ਲਾਈਆਂ ਕਈ ਪਾਬੰਦੀਆਂ
ਇਸ ਹਮਲੇ ਦੇ ਤੁਰੰਤ ਬਾਅਦ ਇਜ਼ਰਾਈਲੀ ਫੌਜ ਨੇ ਆਪਣੇ ਏਅਰ ਡਿਫੈਂਸ ਸਿਸਟਮ ਨੂੰ ਐਕਟੀਵੇਟ ਕਰਕੇ ਇਨ੍ਹਾਂ ਹਮਲਿਆਂ ਨੂੰ ਅਸਫ਼ਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਅਮਰੀਕਾ ਤੇ ਬ੍ਰਿਟੇਨ ਨੇ ਈਰਾਨ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਹਮਲੇ ਦਾ ਬਦਲਾ ਲੈਣ ਦਾ ਐਲਾਨ ਕੀਤਾ ਸੀ। ਇਸੇ ਦੇ ਅਨੁਸਾਰ ਇਜ਼ਰਾਈਲ ਨੇ 19 ਅਪ੍ਰੈਲ ਤੜਕੇ ਈਰਾਨ ਦੇ ਇਸਫਹਾਨ ਸ਼ਹਿਰ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਈਰਾਨ ਨੇ ਵੀ ਆਪਣੀ ਹਵਾ ਰੱਖਿਆ ਪ੍ਰਣਾਲੀ ਸਰਗਰਮ ਕਰਕੇ ਆਪਣੇ ਪ੍ਰਮੁੱਖ ਹਵਾਈ ਫੌਜ ਦੇ ਅੱਡਿਆਂ ਤੇ ਪ੍ਰਮਾਣੂ ਟਿਕਾਣਿਆਂ ਦੀ ਰੱਖਿਆ ਲਈ ਜਵਾਬੀ ਕਾਰਵਾਈ ਕਰਕੇ ਆਪਣੇ ਪ੍ਰਮਾਣੂ ਟਿਕਾਣੇ ਨੂੰ ਕਿਸੇ ਕਿਸਮ ਦੇ ਵੀ ਨੁਕਸਾਨ ਪੁੱਜਣ ਤੋਂ ਬਚਾ ਲਿਆ।

ਇਹ ਖ਼ਬਰ ਵੀ ਪੜ੍ਹੋ : ਇਮਰਾਨ ਖ਼ਾਨ ਦੀ ਪਤਨੀ ਦੇ ਖਾਣੇ ’ਚ ਮਿਲਾਇਆ ਗਿਆ ‘ਟਾਇਲਟ ਕਲੀਨਰ’! ਅਦਾਲਤ ਨੇ ਦਿੱਤਾ ਇਹ ਹੁਕਮ

ਜ਼ਿਕਰਯੋਗ ਹੈ ਕਿ 18 ਅਪ੍ਰੈਲ ਨੂੰ ਇਸਫਹਾਨ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਤੋਂ ਬਾਅਦ ਕਈ ਉਡਾਣਾਂ ਨੂੰ ਡਾਈਵਰਟ ਕੀਤਾ ਗਿਆ ਸੀ ਪਰ ਹੁਣ ਉਡਾਣ ਸੇਵਾ ਆਮ ਵਰਗੀ ਹੋ ਗਈ ਹੈ। ਇਸਫਹਾਨ ਸ਼ਹਿਰ ’ਚ ਕਈ ਨਿਊਕਲੀਅਰ ਪਲਾਂਟ ਹਨ ਤੇ ਈਰਾਨ ਦਾ ਸਭ ਤੋਂ ਵੱਡਾ ਯੂਰੇਨੀਅਮ ਪ੍ਰੋਗਰਾਮ ਵੀ ਇਥੋਂ ਚੱਲ ਰਿਹਾ ਹੈ।

ਕੀ ਭਾਰਤ ਕੋਲ ਚੰਗੀ ਪ੍ਰਤੀਰੱਖਿਆ ਪ੍ਰਣਾਲੀ ਹੈ?
ਈਰਾਨ-ਇਜ਼ਰਾਈਲ ਟਕਰਾਅ ਨੇ ਭਾਰਤ ਦੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਲੈ ਕੇ ਵੀ ਚਿੰਤਾ ਪੈਦਾ ਕਰ ਦਿੱਤੀ ਹੈ ਤੇ ਅਜਿਹੇ ’ਚ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਕੀ ਭਾਰਤ ਦੇ ਕੋਲ ਵੀ ਓਨੀ ਹੀ ਚੰਗੀ ਪ੍ਰਤੀਰੱਖਿਆ ਪ੍ਰਣਾਲੀ ਹੈ? ਈਰਾਨ ਤੇ ਇਜ਼ਰਾਈਲ ਦੋਵਾਂ ਦੇ ਕੋਲ ਚੰਗੀ ਪ੍ਰਤੀਰੱਖਿਆ ਪ੍ਰਣਾਲੀ ਹੈ। ਉਨ੍ਹਾਂ ਕੋਲ ਭਾਰਤ ਦੀ ਤੁਲਨਾ ’ਚ ਬੜੀ ਘੱਟ ਜ਼ਮੀਨ ਹੈ, ਜਿਸ ਦੀ ਉਨ੍ਹਾਂ ਨੇ ਰੱਖਿਆ ਕਰਨੀ ਹੈ, ਜਦਕਿ ਭਾਰਤ ਦਾ ਜ਼ਮੀਨੀ ਹਿੱਸਾ ਦੋਵਾਂ ਨਾਲੋਂ ਕਿਤੇ ਵੱਧ ਹੈ।

ਮਿਜ਼ਾਈਲ ਪ੍ਰਤੀਰੱਖਿਆ ਪ੍ਰਣਾਲੀ ਵਿਕਸਿਤ ਕਰਨਾ ਅੱਜ ਦੀ ਸਭ ਤੋਂ ਵੱਡੀ ਲੋੜ
ਇਜ਼ਰਾਈਲ ਦੀ ਡਰੋਨ ਪ੍ਰਣਾਲੀ ਤੇ ਹੋਰ ਪ੍ਰਤੀਰੱਖਿਆ ਪ੍ਰਣਾਲੀਆਂ ਆਪਣੇ ਇਲਾਕੇ ਦੀ ਰੱਖਿਆ ਕਰਨ ’ਚ ਸਮਰੱਥ ਹਨ, ਜਦਕਿ ਭਾਰਤ ਦੀ ਹਵਾਈ ਪ੍ਰਤੀਰੱਖਿਆ ਪ੍ਰਣਾਲੀ ਸਿਰਫ਼ ਕੁਝ ਮਹੱਤਵਪੂਰਨ ਟਿਕਾਣਿਆਂ ਦੀ ਰੱਖਿਆ ਕਰਨ ’ਚ ਹੀ ਸਮਰੱਥ ਹੈ ਤੇ ਖ਼ੇਤਰਫਲ ਵੱਧ ਹੈ। ਇਸ ਲਈ ਸਾਡੇ ਲਈ ਆਪਣੀ ਪ੍ਰਤੀਰੱਖਿਆ ਪ੍ਰਣਾਲੀ ਮਜ਼ਬੂਤ ਕਰਨ ਤੇ ਪ੍ਰਤੀਰੱਖਿਆ ਦੀ ਰਵਾਇਤੀ ਰਣਨੀਤਕ ਪ੍ਰਣਾਲੀ ਦੀ ਥਾਂ ’ਤੇ ਮਿਜ਼ਾਈਲ ਪ੍ਰਤੀਰੱਖਿਆ ਪ੍ਰਣਾਲੀ ਵਿਕਸਿਤ ਕਰਨਾ ਅੱਜ ਦੀ ਸਭ ਤੋਂ ਵੱਡੀ ਲੋੜ ਬਣ ਗਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਨੂੰ ਨਿਊਕਲੀਅਰ ਤੇ ਹੋਰ ਬੈਲਿਸਟਿਕ ਮਿਜ਼ਾਈਲਾਂ ਨੂੰ ਤਬਾਹ ਕਰਨ ’ਚ ਸਮਰੱਥ ਡਿਫੈਂਸ ਪ੍ਰਣਾਲੀ ਹਾਸਲ ਕਰਨ ਦੀ ਲੋੜ ਹੈ, ਜਿਸ ’ਤੇ ਆਉਣ ਵਾਲੀ ਭਾਰੀ ਲਾਗਤ ਦੇ ਕਾਰਨ ਸਰਕਾਰ ਨੇ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਹੈ।

ਹਾਲਾਂਕਿ ਭਾਰਤੀ ਹਵਾਈ ਫੌਜ ਦੇ ਕੋਲ ਬੰਬ ਵਰ੍ਹਾਊ, ਜਾਸੂਸੀ ਜਹਾਜ਼ਾਂ, ਡਰੋਨਾਂ ਤੇ ਕੁਝ ਦਰਮਿਆਨੀ ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਤਬਾਹ ਕਰਨ ’ਚ ਸਮਰੱਥ ਰੂਸੀ ਐੱਸ. 400 ਟ੍ਰਾਇੰਫ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਦੀਆਂ 3 ਸਕੁਐਡਰਨਾਂ ਹਨ ਪਰ ਇਹ ਚੀਨ ਤੇ ਪਾਕਿਸਤਾਨ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਦੇਸ਼ ਦੇ ਉੱਤਰ-ਪੱਛਮ ਤੇ ਪੂਰਬੀ ਹਿੱਸੇ ’ਚ ਤਾਇਨਾਤ ਹਨ। ਬਾਕੀ 2 ਐੱਸ. 400 ਸਕੁਐਡਰਨਾਂ ਦੀ ਡਲਿਵਰੀ ’ਚ ਰੂਸ-ਯੂਕ੍ਰੇਨ ਦੀ ਜੰਗ ਕਾਰਨ ਦੇਰੀ ਹੋ ਰਹੀ ਹੈ। ਹਾਲਾਂਕਿ ਭਾਰਤ ਕੋਲ ਕੁਝ ਹੋਰ ਪ੍ਰਤੀਰੱਖਿਆ ਪ੍ਰਣਾਲੀਆਂ ਮੌਜੂਦ ਹਨ ਪਰ ਅਜੇ ਵੀ ਕਿਸੇ ਵੱਡੇ ਖ਼ਤਰੇ ਦਾ ਸਾਹਮਣਾ ਕਰਨ ਲਈ ਸਮਰੱਥ ਰੱਖਿਆ ਪ੍ਰਣਾਲੀਆਂ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News