ਇਜ਼ਰਾਈਲ ਅਤੇ ਈਰਾਨ ਦੀ ਫੌਜੀ ਸਮਰੱਥਾ ਦੇ ਸਾਹਮਣੇ ਅਸੀਂ ਕਿੱਥੇ ਖੜ੍ਹੇ ਹਾਂ ?
Monday, Apr 22, 2024 - 04:54 AM (IST)

ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਦੀ ਸਥਿਤੀ ਬੜੀ ਅਸ਼ਾਂਤ ਬਣੀ ਹੋਈ ਹੈ। ਇਕ ਪਾਸੇ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਹੋਇਆ ਹੈ ਤਾਂ ਦੂਜੇ ਪਾਸੇ ਇਜ਼ਰਾਈਲ-ਹਮਾਸ ਦੇ ਦਰਮਿਆਨ ਜੰਗ ਦੇ ਬਾਅਦ ਹੁਣ ਇਜ਼ਰਾਈਲ ਦਾ ਈਰਾਨ ਦੇ ਨਾਲ ਪੰਗਾ ਪੈਂਦਾ ਦਿਖਾਈ ਦੇ ਰਿਹਾ ਹੈ।
ਇਸੇ ਸਾਲ 1 ਅਪ੍ਰੈਲ ਨੂੰ ਸੀਰੀਆ ’ਚ ਈਰਾਨ ਦੇ ਵਣਜ ਦੂਤਘਰ ’ਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਲਈ ਈਰਾਨ ਨੇ ਸਿੱਧੇ ਤੌਰ ’ਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ। ਇਸੇ ਦਾ ਬਦਲਾ ਲੈਣ ਲਈ 13-14 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਈਰਾਨ ਨੇ ਇਜ਼ਰਾਈਲ ’ਤੇ ਕਾਮੀਕਾਜੇ ਡਰੋਨਾਂ ਨਾਲ 300 ਤੋਂ ਵੱਧ ਤਾਬੜਤੋੜ ਹਮਲੇ ਕੀਤੇ ਜਿਨ੍ਹਾਂ ਵਿਚ ਕਿੱਲਰ ਡਰੋਨ ਤੋਂ ਲੈ ਕੇ ਬੈਲਿਸਟਿਕ ਮਿਜ਼ਾਈਲ ਅਤੇ ਕਰੂਜ਼ ਮਿਜ਼ਾਈਲਾਂ ਸ਼ਾਮਲ ਸਨ।
ਇਸ ਹਮਲੇ ਦੇ ਤੁਰੰਤ ਬਾਅਦ ਇਜ਼ਰਾਈਲੀ ਫੌਜ ਨੇ ਆਪਣੇ ਏਅਰ ਡਿਫੈਂਸ ਸਿਸਟਮ ਨੂੰ ਐਕਟੀਵੇਟ ਕਰ ਕੇ ਇਨ੍ਹਾਂ ਹਮਲਿਆਂ ਨੂੰ ਅਸਫਲ ਕਰ ਦਿੱਤਾ। ਇਸ ਘਟਨਾ ਦੇ ਬਾਅਦ ਅਮਰੀਕਾ ਅਤੇ ਬ੍ਰਿਟੇਨ ਨੇ ਈਰਾਨ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਹਮਲੇ ਦਾ ਬਦਲਾ ਲੈਣ ਦਾ ਐਲਾਨ ਕੀਤਾ ਸੀ।
ਇਸੇ ਦੇ ਅਨੁਸਾਰ ਇਜ਼ਰਾਈਲ ਨੇ 19 ਅਪ੍ਰੈਲ ਤੜਕੇ ਈਰਾਨ ਦੇ ਇਸਫਹਾਨ ਸ਼ਹਿਰ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰ ਦਿੱਤਾ ਜਿਸ ਦੇ ਬਾਅਦ ਈਰਾਨ ਨੇ ਵੀ ਆਪਣੀ ਹਵਾ ਰੱਖਿਆ ਪ੍ਰਣਾਲੀ ਸਰਗਰਮ ਕਰ ਕੇ ਆਪਣੇ ਪ੍ਰਮੁੱਖ ਹਵਾਈ ਫੌਜ ਦੇ ਅੱਡਿਆਂ ਅਤੇ ਪ੍ਰਮਾਣੂ ਟਿਕਾਣਿਆਂ ਦੀ ਰੱਖਿਆ ਲਈ ਜਵਾਬੀ ਕਾਰਵਾਈ ਕਰ ਕੇ ਆਪਣੇ ਪ੍ਰਮਾਣੂ ਟਿਕਾਣੇ ਨੂੰ ਕਿਸੇ ਕਿਸਮ ਦੇ ਵੀ ਨੁਕਸਾਨ ਪੁੱਜਣ ਤੋਂ ਬਚਾ ਲਿਆ।
ਵਰਣਨਯੋਗ ਹੈ ਕਿ 18 ਅਪ੍ਰੈਲ ਨੂੰ ਇਸਫਹਾਨ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਦੇ ਬਾਅਦ ਕਈ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਸੀ ਪਰ ਹੁਣ ਉਡਾਣ ਸੇਵਾ ਆਮ ਵਰਗੀ ਹੋ ਗਈ ਹੈ। ਇਸਫਹਾਨ ਸ਼ਹਿਰ ’ਚ ਕਈ ਨਿਊਕਲੀਅਰ ਪਲਾਂਟ ਹਨ ਅਤੇ ਈਰਾਨ ਦਾ ਸਭ ਤੋਂ ਵੱਡਾ ਯੂਰੇਨੀਅਮ ਪ੍ਰੋਗਰਾਮ ਵੀ ਇਥੋਂ ਚੱਲ ਰਿਹਾ ਹੈ।
ਈਰਾਨ-ਇਜ਼ਰਾਈਲ ਟਕਰਾਅ ਨੇ ਭਾਰਤ ਦੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਲੈ ਕੇ ਵੀ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਅਜਿਹੇ ’ਚ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਕੀ ਭਾਰਤ ਦੇ ਕੋਲ ਵੀ ਓਨੀ ਹੀ ਚੰਗੀ ਪ੍ਰਤੀਰੱਖਿਆ ਪ੍ਰਣਾਲੀ ਹੈ? ਈਰਾਨ ਅਤੇ ਇਜ਼ਰਾਈਲ ਦੋਵਾਂ ਦੇ ਕੋਲ ਚੰਗੀ ਪ੍ਰਤੀਰੱਖਿਆ ਪ੍ਰਣਾਲੀ ਹੈ। ਉਨ੍ਹਾਂ ਕੋਲ ਭਾਰਤ ਦੀ ਤੁਲਨਾ ’ਚ ਬੜੀ ਘੱਟ ਜ਼ਮੀਨ ਹੈ ਜਿਸ ਦੀ ਉਨ੍ਹਾਂ ਨੇ ਰੱਖਿਆ ਕਰਨੀ ਹੈ ਜਦਕਿ ਭਾਰਤ ਦਾ ਜ਼ਮੀਨੀ ਹਿੱਸਾ ਦੋਵਾਂ ਨਾਲੋਂ ਕਿਤੇ ਵੱਧ ਹੈ।
ਇਜ਼ਰਾਈਲ ਦੀ ਡਰੋਨ ਪ੍ਰਣਾਲੀ ਅਤੇ ਹੋਰ ਪ੍ਰਤੀਰੱਖਿਆ ਪ੍ਰਣਾਲੀਆਂ ਆਪਣੇ ਇਲਾਕੇ ਦੀ ਰੱਖਿਆ ਕਰਨ ’ਚ ਸਮਰੱਥ ਹਨ, ਜਦ ਕਿ ਭਾਰਤ ਦੀ ਹਵਾਈ ਪ੍ਰਤੀਰੱਖਿਆ ਪ੍ਰਣਾਲੀ ਸਿਰਫ ਕੁਝ ਮਹੱਤਵਪੂਰਨ ਟਿਕਾਣਿਆਂ ਦੀ ਰੱਖਿਆ ਕਰਨ ’ਚ ਹੀ ਸਮਰੱਥ ਹੈ ਅਤੇ ਖੇਤਰਫਲ ਵੱਧ ਹੈ। ਇਸ ਲਈ ਸਾਡੇ ਲਈ ਆਪਣੀ ਪ੍ਰਤੀਰੱਖਿਆ ਪ੍ਰਣਾਲੀ ਮਜ਼ਬੂਤ ਕਰਨ ਅਤੇ ਪ੍ਰਤੀਰੱਖਿਆ ਦੀ ਰਵਾਇਤੀ ਰਣਨੀਤਕ ਪ੍ਰਣਾਲੀ ਦੀ ਥਾਂ ’ਤੇ ਮਿਜ਼ਾਈਲ ਪ੍ਰਤੀਰੱਖਿਆ ਪ੍ਰਣਾਲੀ ਵਿਕਸਿਤ ਕਰਨਾ ਅੱਜ ਦੀ ਸਭ ਤੋਂ ਵੱਡੀ ਲੋੜ ਬਣ ਗਈ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਨੂੰ ਨਿਊਕਲੀਅਰ ਅਤੇ ਹੋਰ ਬੈਲਿਸਟਿਕ ਮਿਜ਼ਾਈਲਾਂ ਨੂੰ ਤਬਾਹ ਕਰਨ ’ਚ ਸਮਰੱਥ ਡਿਫੈਂਸ ਪ੍ਰਣਾਲੀ ਹਾਸਲ ਕਰਨ ਦੀ ਲੋੜ ਹੈ, ਜਿਸ ’ਤੇ ਆਉਣ ਵਾਲੀ ਭਾਰੀ ਲਾਗਤ ਦੇ ਕਾਰਨ ਸਰਕਾਰ ਨੇ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਹੈ।
ਹਾਲਾਂਕਿ ਭਾਰਤੀ ਹਵਾਈ ਫੌਜ ਦੇ ਕੋਲ ਬੰਬ ਵਰ੍ਹਾਊ, ਜਾਸੂਸੀ ਜਹਾਜ਼ਾਂ, ਡਰੋਨਾਂ ਅਤੇ ਕੁਝ ਦਰਮਿਆਨੀ ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਤਬਾਹ ਕਰਨ ’ਚ ਸਮਰੱਥ ਰੂਸੀ ਐੱਸ. 400 ਟ੍ਰਾਇੰਫ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਦੀਆਂ 3 ਸਕੁਐਡਰਨਾਂ ਹਨ ਪਰ ਇਹ ਚੀਨ ਅਤੇ ਪਾਕਿਸਤਾਨ ਦੇ ਖਤਰੇ ਦਾ ਸਾਹਮਣਾ ਕਰਨ ਲਈ ਦੇਸ਼ ਦੇ ਉੱਤਰ-ਪੱਛਮ ਅਤੇ ਪੂਰਬੀ ਹਿੱਸੇ ’ਚ ਤਾਇਨਾਤ ਹਨ। ਬਾਕੀ 2 ਐੱਸ. 400 ਸਕੁਐਡਰਨਾਂ ਦੀ ਡਲਿਵਰੀ ’ਚ ਰੂਸ-ਯੂਕ੍ਰੇਨ ਦੀ ਜੰਗ ਕਾਰਨ ਦੇਰੀ ਹੋ ਰਹੀ ਹੈ। ਹਾਲਾਂਕਿ ਭਾਰਤ ਕੋਲ ਕੁਝ ਹੋਰ ਪ੍ਰਤੀਰੱਖਿਆ ਪ੍ਰਣਾਲੀਆਂ ਮੌਜੂਦ ਹਨ ਪਰ ਅਜੇ ਵੀ ਕਿਸੇ ਵੱਡੇ ਖਤਰੇ ਦਾ ਸਾਹਮਣਾ ਕਰਨ ਲਈ ਸਮਰੱਥ ਰੱਖਿਆ ਪ੍ਰਣਾਲੀਆਂ ਦੀ ਲੋੜ ਹੈ।
-ਵਿਜੇ ਕੁਮਾਰ